
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਅੱਗੇ ਵਿੱਤ ਮੰਤਰੀ ਦੀ ਅਰਥੀ ਫੁਕੀ ਗਈ

- ਮਨਿਸਟ੍ਰੀਅਲ ਕਾਮੇ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ’ਚ ਹੋਏ ਸ਼ਾਮਲ, ਕੀਤੀ ਨਾਅਰੇਬਾਜ਼ੀ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਵੱਲੋਂ ਐਲਾਨੇ ਗਏ ਸੰਘਰਸ਼ ਤਹਿਤ ਸਾਂਝੀ ਤਾਲਮੇਲ ਕਮੇਟੀ ਤਹਿਸੀਲ ਹੁਸ਼ਿਆਰਪੁਰ ਵੱਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਅੱਗੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ, ਜਿਸ ਵਿੱਚ ਮਨਿਸਟ੍ਰੀਅਲ ਕਾਮੇ ਹੜਤਾਲ ਕਰ ਕੇ ਸ਼ਾਮਲ ਹੋਏ। ਇਸ ਮੌਕੇ ਸਾਂਝੇ ਫਰੰਟ ਦੇ ਸੂਬਾ ਕਨਵੀਨਰ ਸਾਥੀ ਸਤੀਸ਼ ਰਾਣਾ ਨੇ ਕਿਹਾ ਕਿ 7 ਅਗਸਤ ਦੀ ਚੰਡੀਗੜ੍ਹ ਰੈਲੀ ਵਿੱਚ ਐਲਾਨੇ ਗਏ ਸੰਘਰਸ਼ ਤਹਿਤ 27 ਅਗਸਤ ਨੂੰ ਪੰਜਾਬ ਭਰ ਦੇ ਸਾਰੇ ਹੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੂੱਟੀ ਲੈ ਕੇ ਕੰਮ ਬੰਦ ਕਰਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਤੇ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸੰਘਰਸ਼ੀਆਂ ਨੂੰ ਐਂਟੀ ਸਟੇਟ ਕਹਿਣ ’ਤੇ ਪੰਜਾਬ ਭਰ ਵਿੱਚ ਵਿੱਤ ਮੰਤਰੀ ਦੇ ਪੁਤਲੇ ਫੂਕੇ ਗਏ ਹਨ ਅਤੇ 27 ਅਗਸਤ ਦੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ 27 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਮੀਟਿੰਗ ਨੂੰ ਰੱਦ ਕੀਤਾ ਗਿਆ ਜਾਂ ਮੀਟਿੰਗ ਵਿੱਚ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਇੰਦਰਜੀਤ ਵਿਰਦੀ, ਬਹਾਦਰ ਸਿੰਘ, ਅਨਿਰੁਧ ਮੋਦਗਿਲ, ਕੁਲਵੰਤ ਸਿੰਘ ਸੈਣੀ, ਅਸ਼ੋਕ ਕੁਮਾਰ ਮਨਜੀਤ ਸੈਣੀ, ਬਲਵਿੰਦਰ ਸਿੰਘ ਬਸਰਾ, ਜਸਵੀਰ ਸਿੰਘ ਭਾਮ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਭੁਲਾ ਕੇ ਮੁਲਾਜ਼ਮ-ਪੈਨਸ਼ਨਰ ਵਿਰੋਧੀ ਨੀਤੀਆਂ ਪਹਿਲੀਆਂ ਸਰਕਾਰਾਂ ਨਾਲੋਂ ਵੀ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ, ਸਰਕਾਰ ਵੱਲੋਂ ਕਰਜ਼ਾ ਚੁੱਕ ਕੇ ਰੁਜ਼ਗਾਰ ਦੇਣ ਦੀ ਥਾਂ ਸਿਰਫ ਸੱਤਾ ਹਾਸਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਮੁਫਤਖੋਰੇ ਬਣਾਇਆ ਜਾ ਰਿਹਾ ਹੈ। ਰੈਲੀ ਉਪਰੰਤ ਰੋਸ ਮਾਰਚ ਕਰ ਕੇ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਨਾਅਰਿਆਂ ਦੀ ਗੂੰਜ ਵਿੱਚ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰਕੇਸ਼ ਕੁਮਾਰ ਮਹਿਲਾਂਵਾਲੀ, ਓਂਕਾਰ ਸਿੰਘ, ਬਲਵੀਰ ਸਿੰਘ, ਮਦਨ ਲਾਲ ਸੈਣੀ, ਸੰਦੀਪ ਸਨੀ, ਬਿਕਰਮਜੀਤ ਸਿੰਘ, ਦੀਪਕ ਤ੍ਰੇਹਨ, ਅਮਰਜੀਤ ਸਿੰਘ ਗਰੋਵਰ, ਭੁਪਿੰਦਰ ਸਿੰਘ, ਮੰਗਲ ਸਿੰਘ, ਗੁਰਚਰਨ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।