
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜੋਨਲ ਪੱਧਰੀ ਟੂਰਨਾਮੈਂਟ 2026-27 ਵਿੱਚ ਮਾਰੀ ਬਾਜ਼ੀ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜ਼ੋਨਲ ਪੱਧਰੀ ਖੇਡ ਪ੍ਰਤੀਯੋਗਤਾਵਾਂ 2026-27 ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਟੂਰਨਾਮੈਂਟ ਜੁਲਾਈ 2026 ਵਿੱਚ ਕੇਆਰ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਅਤੇ ਸਰਕਾਰੀ ਹਾਈ ਸਕੂਲ ਭਾਨਾ ਵਿਖੇ ਕਰਵਾਏ ਗਏ। ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਸਕੂਲ ਦੇ ਸਾਰੇ ਉਮਰ ਵਰਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। 14 ਸਾਲਾ ਉਮਰ ਵਰਗ ਦੇ ਲੜਕਿਆਂ ਦੀ ਸ਼ਤਰੰਜ ਟੀਮ ਨੇ ਪਹਿਲਾ ਸਥਾਨ, ਇਸੇ ਉਮਰ ਵਰਗ ਵਿੱਚ ਲੜਕੀਆਂ ਦੀ ਸ਼ਤਰੰਜ ਟੀਮ ਨੇ ਵੀ ਪਹਿਲਾ ਸਥਾਨ, 17 ਸਾਲਾ ਉਮਰ ਵਰਗ ਦੀ ਸ਼ਤਰੰਜ ਪ੍ਰਤੀਯੋਗਤਾ ਵਿੱਚ ਲੜਕਿਆਂ ਦੀ ਟੀਮ ਅਤੇ ਲੜਕੀਆਂ ਦੀ ਟੀਮ ਦੋਵਾਂ ਨੇ ਪਹਿਲਾ ਸਥਾਨ ਅਤੇ 19 ਸਾਲਾ ਉਮਰ ਵਰਗ ਵਿੱਚ ਲੜਕਿਆਂ ਦੀ ਸ਼ਤਰੰਜ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। 17 ਸਾਲਾ ਉਮਰ ਵਰਗ ਦੀ ਵਾਲੀਬਾਲ ਖੇਡ ਪ੍ਰਤੀਯੋਗਤਾ ਵਿੱਚ ਲੜਕਿਆਂ ਤੀਜਾ ਸਥਾਨ ਅਤੇ 14 ਸਾਲਾ ਉਮਰ ਵਰਗ ਦੀ ਬੈਡਮਿੰਟਨ ਟੀਮ ਦੇ ਲੜਕਿਆਂ ਨੇ ਵੀ ਤੀਜਾ ਸਥਾਨ ਪ੍ਰਾਪਤ ਕਰਦਿਆਂ ਸਕੂਲ ਦਾ ਨਾਮ ਰੋਸ਼ਨ ਕੀਤਾ। ਖੇਡ ਖੇਤਰ ਵਿੱਚ ਇਸ ਸ਼ਾਨਦਾਰ ਉਪਲਬਧੀ ’ਤੇ ਸਕੂਲ ਦੇ ਚੇਅਰਮੈਨ ਅਤੇ ਡੀਏਵੀ ਸੀਐੱਮਸੀ ਨਵੀਂ ਦਿੱਲੀ ਦੇ ਸੈਕਟਰੀ ਅਰਵਿੰਦ ਘਈ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਕੋਚਾਂ ਦੇ ਉਚਿਤ ਮਾਰਗਦਰਸ਼ਨ ਦਾ ਨਤੀਜਾ ਹੈ।