ਏਡਜ਼ ਜਾਗਰੂਕਤਾ ਲੇਖ ਮੁਕਾਬਲੇ ’ਚੋਂ ਜੇਤੂ ਬੀਰਮਪੁਰ ਸਕੂਲ ਸਨਮਾਨਿਤ ਏਡਜ ਜਾਗਰੂਕਤਾ ਲੇਖ ਮੁਕਾਬਲੇ ਚੋਂ ਜੇਤੂ ਬੀਰਮਪੁਰ ਸਕੂਲ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ
Publish Date: Tue, 18 Aug 2026 04:45 PM (IST)
Updated Date: Tue, 18 Aug 2026 04:48 PM (IST)
ਜਸਵੰਤ ਸਿੰਘ ਭਾਗੋਵਾਲ, ਪੰਜਾਬੀ ਜਾਗਰਣ ਅੱਡਾ ਸਰਾਂ : ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਕਿਸ਼ੋਰ ਸਿੱਖਿਆ ਨੂੰ ਸਮਰਪਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦੇ ਏਡਜ਼ ਜਾਗਰੂਕਤਾ ਤਹਿਤ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਸਿਮਰਜੀਤ ਕੌਰ ਸਪੁੱਤਰੀ ਲਖਵਿੰਦਰ ਸਿੰਘ ਨੇ ਬਲਾਕ ਬੱਲੋਵਾਲ ’ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹਾ ਪੱਧਰੀ ਹੋਏ ਲੇਖ ਮੁਕਾਬਲੇ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਲੜੀ ਤਹਿਤ ਪੰਜਾਬ ਦੇ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਸਿਮਰਜੀਤ ਕੌਰ ਨੂੰ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ, ਚਿਕਿਤਸਾ ਸਿੱਖਿਆ ਅਤੇ ਖੋਜ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਸਰਟੀਫਿਕੇਟ ਅਤੇ ਸਮਾਰਟ ਵਾਚ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਹਰਜਿੰਦਰ ਕੌਰ ਨੇ ਸਕੂਲ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ, ਵਿਦਿਆਰਥਣ ਸਿਮਰਜੀਤ ਕੌਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਗਾਈਡ ਅਧਿਆਪਕ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ, ਕੋ ਗਾਈਡ ਅਧਿਆਪਕ ਰਵਿੰਦਰ ਸਿੰਘ ਅਤੇ ਗੁਰਬਖਸ਼ ਕੌਰ ਵੀ ਹਾਜ਼ਰ ਸਨ।