
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਾਵਣ ਕਵੀ ਦਰਬਾਰ ਵਿੱਚ ਵਰ੍ਹਿਆ ਬਿਰਹੋ ਦਾ ਮੀਂਹ

ਸਟਾਫ਼ ਰਿਪੋਰਟਰ, ਪਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਭਾਸ਼ਾ ਵਿਭਾਗ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਸਾਉਣ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਨੇ ਕੀਤੀ। ਕਵੀ ਦਰਵਾਰ ਦੌਰਾਨ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਸਿਰਫ਼ ਨਜ਼ਮਾਂ ਸੁਣਨ ਸੁਣਾਉਣ ਤੱਕ ਹੀ ਸੀਮਤ ਨਹੀਂ ਹੁੰਦੇ, ਸਗੋਂ ਇਨ੍ਹਾਂ ਵਿੱਚ ਭਾਸ਼ਾਈ, ਸੱਭਿਆਚਾਰਕ ਤੇ ਸਮਾਜਿਕ ਮੁੱਦਿਆਂ ਪ੍ਰਤੀ ਚਿੰਤਾ, ਚੇਤਨਾ ਤੇ ਚਿੰਤਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੁੰਦਾ ਹੈ ਤੇ ਇਹ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ। ਕਵੀ ਦਰਬਾਰ ਦੀ ਸ਼ੁਰੂਆਤ ਸੁਰਿੰਦਰ ਕੰਗਵੀ ਨੇ ਗੁਰਬਾਣੀ ਵਿੱਚੋਂ ਸਾਉਣ ਮਹੀਨੇ ਨਾ ਸੰਬੰਧਤ ਸ਼ਬਦ ਰਾਗ ਮਲਹਾਰ ਵਿੱਚ ਅਤੇ ਆਪਣੇ ਮੌਲਿਕ ਗੀਤ ਦੀ ਪੇਸ਼ਕਾਰੀ ਕਰ ਕੇ ਸੰਗੀਤਕ ਰੰਗ ਬਿਖੇਰਿਆ। ਹਰਦਿਆਲ ਹੁਸ਼ਿਆਰਪੁਰੀ, ਰਾਜ ਕੁਮਾਰ ਘਾਸੀਪੁਰੀਆ ਅਤੇ ਮੀਨਾਕਸ਼ੀ ਮੈਨਨ ਨੇ ਇਸੇ ਰੰਗ ਨੂੰ ਤਰੰਨੁਮ ’ਚ ਪੇਸ਼ ਕਰ ਕੇ ਹੋਰ ਗੂਹੜਾ ਕਰ ਦਿੱਤਾ। ਡਾ. ਸ਼ਮਸ਼ੇਰ ਮੋਹੀ ਨੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਨੂੰ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤਾ। ਇਸ ਤੋਂ ਇਲਾਵਾ ਇਸ ਮੁਸ਼ਾਇਰੇ ਵਿੱਚ ਜਸਬੀਰ ਸਿੰਘ ਧੀਮਾਨ, ਡਾ. ਦਰਸ਼ਨ ਸਿੰਘ, ਲੈਕ. ਲਖਵਿੰਦਰ ਲੱਖੀ, ਡਾ. ਕੁਲਦੀਪ ਸਿੰਘ, ਜਸਵੰਤ ਸਿੰਘ, ਮਨਜੀਤ ਕੌਰ, ਪ੍ਰਭਜੀਤ ਕੌਰ, ਸੁਖਜੀਤ ਕੌਰ, ਹਰਪ੍ਰੀਤ ਕੌਰ ਅਤੇ ਪ੍ਰਿੰਕਲ ਨੇ ਵੀ ਹਾਜ਼ਰੀ ਲੁਆਈ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ।