ਸੈਂਚੁਰੀ ਪਲਾਈਵੁੱਡ ਫੈਕਟਰੀ ’ਚ ਕੰਮ ਕਰਦੇ ਆਪ੍ਰੇਟਰਾਂ ਵੱਲੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਸੈਂਚੁਰੀ ਪਲਾਈਵੁਡ ਫੈਕਟਰੀ ’ਚ ਕੰਮ ਕਰਦੇ ਆਪਰੇਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 18 Aug 2026 03:49 PM (IST)
Updated Date: Tue, 18 Aug 2026 03:51 PM (IST)
- ਪਿਛਲੇ ਦਸ ਸਾਲਾਂ ਤੋਂ ਕੰਮ ਕਰਦੇ ਆਪ੍ਰੇਟਰ ਨਾਮਾਤਰ ਤਨਖਾਹ ’ਤੇ ਕਰ ਰਹੇ ਨੇ ਗੁਜ਼ਾਰਾ ਕਮਲ, ਪੰਜਾਬੀ ਜਾਗਰਣ ਹਰਿਆਣਾ : ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ’ਤੇ ਪੈਂਦੀ ਸੈਂਚੁਰੀ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਦੇ ਆਪ੍ਰੇਟਰਾਂ ਵੱਲੋਂ ਮੰਗਾਂ ਨੂੰ ਲੈ ਕੇ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੈਂਚੁਰੀ ਵਿੱਚ ਕੰਮ ਕਰਦੇ ਆਪ੍ਰੇਟਰਾਂ ਬਰਿੰਦਰ ਸਿੰਘ, ਰਸ਼ਪਾਲ ਸਿੰਘ, ਬਲਜੀਤ ਸਿੰਘ, ਸਿਮਰਨਜੀਤ ਸਿੰਘ, ਜਸਪਾਲ ਸਿੰਘ, ਜਸਦੀਪ ਸਿੰਘ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਅੱਠ ਦਸ ਸਾਲਾਂ ਤੋਂ ਸੈਂਚੁਰੀ ਪਲਾਈਵੁੱਡ ਫੈਕਟਰੀ ਵਿੱਚ ਆਪਰੇਟਰ ਦਾ ਕੰਮ 12 ਹਜਾਰ ਤਨਖਾਹ ’ਤੇ ਕਰ ਰਹੇ ਹਨ, ਜਿਸ ਦੇ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਬੜਾ ਹੀ ਮੁਸ਼ਕਿਲ ਹੈ। ਦਿਨੋਂ ਦਿਨ ਮਹਿੰਗਾਈ ਵੱਧ ਰਹੀ ਹੈ ਪਰ ਸੈਚੁਰੀ ਪਲਾਈਵੁੱਡ ਵੱਲੋਂ ਹੋਰਨਾਂ ਸੂਬਿਆਂ ਤੋਂ ਆਏ ਵਰਕਰਾਂ ਨੂੰ ਪੱਕੇ ਤੌਰ ’ਤੇ ਰੱਖਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਮਿਲਣ ਵਾਲੇ ਸਾਰੇ ਭੱਤੇ ਸਮੇਂ-ਸਮੇਂ ਸਿਰ ਦਿੱਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਕਿਸੇ ਵੀ ਵਰਕਰ ਨੂੰ ਪੱਕਾ ਨਹੀਂ ਕੀਤਾ ਗਿਆ। ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਮਾਰਚ ਅਤੇ ਅਪ੍ਰੈਲ ਮਹੀਨੇ ਦਾ ਇੰਕਰੀਮੈਂਟ ਲਗਾ ਕੇ ਕੰਪਨੀ ਵੱਲੋਂ ਤਨਖਾਹਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਕਾਫੀ ਸਮਾਂ ਬੀਤ ਜਾਣ ’ਤੇ ਕੰਪਨੀ ਵੱਲੋਂ ਨਾ ਤਾਂ ਇੰਕਰੀਮੈਂਟ ਵਿੱਚ ਵਾਧਾ ਕੀਤਾ ਗਿਆ ਅਤੇ ਨਾ ਹੀ ਕੰਪਨੀ ਵੱਲੋਂ ਦਿੱਤੀ ਗਈ ਤਰੀਕ 17 ਅਗਸਤ ਬੀਤ ਜਾਣ ’ਤੇ ਵੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਵੱਲੋਂ ਉਨ੍ਹਾਂ ਦਾ 15% ਇੰਕਰੀਮੈਂਟ ਦਾ ਵਾਧਾ ਕੀਤਾ ਜਾਵੇ ਅਤੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਕੰਪਨੀ ਅਧੀਨ ਲਿਆਂਦਾ ਜਾਵੇ ਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਜੇਕਰ ਕੰਪਨੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅਗਲੀ ਰਣਨੀਤੀ ਲਈ ਤਿਆਰ ਹਨ। ਇਸ ਮੌਕੇ ਜਗੀਰ ਸਿੰਘ, ਅੰਮ੍ਰਿਤ ਪਾਲ, ਮਨਪ੍ਰੀਤ ਭਾਟੀਆ, ਰੋਹਿਤ ਬਿਰਦੀ, ਜਸਪ੍ਰੀਤ ਸਿੰਘ, ਕਮਲ ਕੁਮਾਰ, ਰੇਸ਼ਮ ਸਿੰਘ, ਪੰਕਜ, ਬਲਰਾਜ, ਕਰਨਜੀਤ ਸਿੰਘ, ਪਰਮਿੰਦਰ ਸਿੰਘ ਅਤੇ ਹੋਰ ਆਪ੍ਰੇਟਰ ਹਾਜ਼ਰ ਸਨ।