
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੈਬਨਿਟ ਮੰਤਰੀ ਵੱਲੋਂ ਵੱਖ-ਵੱਖ ਖੇਤਰਾਂ ‘ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ

- ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਪੁਲਿਸ ਲਾਈਨ ਗਰਾਊਂਡ ਵਿਖੇ ਆਜ਼ਾਦੀ ਦਿਹਾੜੇ ਦੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਸੰਘਰਸ਼ੀ ਯੋਧਿਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਵੀ ਕੀਤਾ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ 15 ਸਿਲਾਈ ਮਸ਼ੀਨਾਂ ਅਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੌਂਪੀਆਂ 50 ਮੋਟਰ ਟਰਾਈ-ਸਾਈਕਲਾਂ ਲਾਭਪਾਤਰੀਆਂ ਨੂੰ ਭੇਟ ਕੀਤੀਆਂ। ਇਸ ਉਪਰੰਤ ਕੈਬਨਿਟ ਮੰਤਰੀ ਨੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਸਮੇਤ ਮੁੱਖ ਸਟੇਜ ’ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ੀ ਯੋਧਿਆਂ ਦਾ ਸਨਮਾਨ ਕੀਤਾ। ਕੈਬਨਿਟ ਮੰਤਰੀ ਨੇ ਹਰੇਕ ਪਰਿਵਾਰ ਨਾਲ ਖੁਦ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਉਪਰੰਤ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ‘ਤਿਰੰਗੇ ਕੀ ਸ਼ਾਨ’, ‘ਸਰਹੱਦਾਂ ਦੇ ਰਾਖੇ’, ‘ਮਿੱਟੀ ਕੀ ਖੁਸ਼ਬੂ’ ਅਤੇ ‘ਕੇਸਰੀਆ’ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਵਿੱਚ ਜ਼ਿਲ੍ਹੇ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ।