ਆਜ਼ਾਦੀ ਦਿਵਸ ਸਮਾਰੋਹ ਮੌਕੇ ਮੰਗਾਂ ਲਈ ਆਵਾਜ਼ ਬੁਲੰਦ ਕਰਨਗੇ ਕੰਪਿਊਟਰ ਅਧਿਆਪਕ ਆਜ਼ਾਦੀ ਦਿਵਸ ਸਮਾਰੋਹ ਮੌਕੇ ਆਪਣੀਆਂ ਮੰਗਾਂ ਦੇ ਲਈ ਆਵਾਜ਼ ਬੁਲੰਦ ਕਰਨਗੇ ਕੰਪਿਊਟਰ ਅਧਿਆਪਕ
Publish Date: Thu, 13 Aug 2026 05:04 PM (IST)
Updated Date: Thu, 13 Aug 2026 05:05 PM (IST)
- ਨਵਾਂਸ਼ਹਿਰ ’ਚ ਵੱਡੇ ਰੋਸ ਪ੍ਰਦਰਸ਼ਨ ਦੀ ਤਿਆਰੀ ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਵਾਅਦਿਆਂ ਅਤੇ ਲਾਰਿਆਂ ਤੋਂ ਅੱਕ ਚੁੱਕੇ ਕੰਪਿਊਟਰ ਅਧਿਆਪਕਾਂ ਨੇ ਹੁਣ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਹੈ। ਇਸੇ ਲੜੀ ਅਧੀਨ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ’ਤੇ ਜਿੱਥੇ ਇੱਕ ਪਾਸੇ ਸਰਕਾਰ ਜਸ਼ਨ ਮਨਾ ਰਹੀ ਹੋਵੇਗੀ, ਉੱਥੇ ਹੀ ਦੂਜੇ ਪਾਸੇ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਨਵਾਂਸ਼ਹਿਰ, ਲੁਧਿਆਣਾ, ਫਿਰੋਜ਼ਪੁਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋਨਲ ਰੋਸ ਰੈਲੀਆਂ ਕਰਕੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦਾ ਵਿਰੋਧ ਕਰਦੇ ਹੋਏ ਆਪਣੀਆਂ ਜਾਇਜ ਮੰਗਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਇਕਾਈ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਸਿਰਫ਼ ਵੋਟਾਂ ਵੇਲੇ ਵਾਅਦੇ ਕਰਦੀ ਹੈ, ਪਰ ਅਮਲੀ ਰੂਪ ਵਿੱਚ ਮੁਕਰ ਜਾਂਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਨਸਾਫ਼ ਦੀ ਉਡੀਕ ਕਰਦਿਆਂ 114 ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਰਕਾਰ ਦੀ ਬੇਰੁਖੀ ਅਤੇ ਬੇਇੰਸਾਫੀ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 15 ਸਤੰਬਰ 2022 ਨੂੰ ਉਨ੍ਹਾਂ ਦੇ ਸਾਰੇ ਹੱਕ ਬਹਾਲ ਕਰਨ ਦਾ ਐਲਾਨ ਕੀਤਾ ਸੀ ਜੋ ਕਿ ਅੱਜ ਤੱਕ ਪੂਰਾ ਨਹੀਂ ਹੋਇਆ ਅਤੇ ਹੁਣ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਕਿਸੇ ਵੀ ਵਾਅਦੇ ਤੇ ਯਕੀਨ ਨਹੀਂ ਹੈ ਕਿਉਂਕਿ ਸਿੱਖਿਆ ਮੰਤਰੀ ਦੇ ਨਾਲ ਨਾਲ ਵੱਖ ਵੱਖ ਮੰਤਰੀਆਂ ਨਾਲ ਹੋਈਆਂ ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਵਾਅਦਿਆਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਜਿਸਦੇ ਚਲਦੇ ਅੱਜ ਉਹ ਸੰਘਰਸ਼ ਕਰਨ ਦੇ ਲਈ ਮਜਬੂਰ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ, ਪੰਜਾਬ ਸਿਵਲ ਸਰਵਿਸ ਨਿਯਮਾਂ ਤਹਿਤ ਪੂਰੀਆਂ ਤਨਖਾਹਾਂ ਤੇ ਭੱਤੇ ਦੇਣਾ ਅਤੇ 6ਵਾਂ ਪੇ ਕਮਿਸ਼ਨ ਤੁਰੰਤ ਲਾਗੂ ਕਰਨਾ ਅਤੇ ਮ੍ਰਿਤਕ ਕੰਪਿਊਟਰ ਅਧਿਆਪਕਾਂ ਦੇ ਆਸ਼ਰਿਤਾਂ ਨੂੰ ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੇਣਾ ਹੈ। ਨਵਾਂਸ਼ਹਿਰ ਵਿਖੇ ਹੋਣ ਵਾਲੀ ਜੋਨ ਰੈਲੀ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਦੇ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਵਿਸ਼ਾਲ ਵਿਨੀ, ਟਿਕੂੰ ਤੇਜਪਾਲ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਸੰਦੀਪ ਕੁਮਾਰ, ਮਨਦੀਪ ਸਿੰਘ, ਚੰਦਰਕਾਂਤ, ਰਮਨ ਵਸ਼ਿਸ਼ਠ, ਰਘੁਬੀਰ ਸਿੰਘ ਅਤੇ ਗੁਰਦੀਪ ਚੰਦ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।