ਆਰਥਿਕ ਸਹਾਇਤਾ ਬੰਦ ਹੋਣ ਨਾਲ ਬੀਬੀਐੱਮਬੀ ਡੀਏਵੀ ਸਕੂਲ ਤਲਵਾੜਾ ’ਤੇ ਸੰਕਟ ਗਹਿਰਾਇਆ ਆਰਥਿਕ ਸਹਾਇਤਾ ਬੰਦ ਹੋਣ ਨਾਲ ਬੀਬੀਐਮਬੀ ਡੀਏਵੀ ਸਕੂਲ ਤਲਵਾੜਾ ’ਤੇ ਸੰਕਟ ਗਹਿਰਾਇਆ
Publish Date: Thu, 13 Aug 2026 04:12 PM (IST)
Updated Date: Thu, 13 Aug 2026 04:14 PM (IST)
- ਕਰਮਚਾਰੀਆਂ ਦੀ ਗਿਣਤੀ ਤੇ ਤਨਖ਼ਾਹਾਂ ’ਚ ਕਟੌਤੀ ਦੀ ਚਰਚਾ, ਤਬਾਦਲਿਆਂ ਦੀਆਂ ਖ਼ਬਰਾਂ ਨਾਲ ਵਧੀ ਚਿੰਤਾ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਬੀਬੀਐੱਮਬੀ ਡੀਏਵੀ ਸਕੂਲ ਤਲਵਾੜਾ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਬੰਦ ਹੋਣ ਤੋਂ ਬਾਅਦ ਸਕੂਲ ਦੀ ਆਰਥਿਕ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਕੂਲ ਪ੍ਰਬੰਧਨ ਦੇ ਸਾਹਮਣੇ ਕਰਮਚਾਰੀਆਂ ਨੂੰ ਨਿਯਮਿਤ ਤਨਖ਼ਾਹਾਂ ਦੇਣ ਦੀ ਚੁਣੌਤੀ ਵੀ ਖੜ੍ਹੀ ਹੋ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਆਰਥਿਕ ਸੰਕਟ ਨਾਲ ਨਜਿੱਠਣ ਲਈ ਸਕੂਲ ਪ੍ਰਬੰਧਨ ਵੱਲੋਂ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਅਤੇ ਤਨਖ਼ਾਹਾਂ ਵਿੱਚ ਕਮੀ ਵਰਗੇ ਕਦਮ ਚੁੱਕੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਿਕ ਹੋਰ ਡੀਏਵੀ ਸਕੂਲਾਂ ਤੋਂ ਤਬਾਦਲਾ ਹੋ ਕੇ ਤਲਵਾੜਾ ਆਏ ਅਧਿਆਪਕਾਂ ਨੂੰ ਮੁੜ ਉਨ੍ਹਾਂ ਦੇ ਸਬੰਧਿਤ ਡੀਏਵੀ ਸਕੂਲਾਂ ਵਿੱਚ ਭੇਜ ਕੇ ਸਕੂਲ ’ਤੇ ਪੈ ਰਹੇ ਆਰਥਿਕ ਬੋਝ ਨੂੰ ਘਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਥਾਈ ਅਧਿਆਪਕਾਂ ਨੂੰ ਵੀ ਹੋਰ ਡੀਏਵੀ ਸਕੂਲਾਂ ਵਿੱਚ ਤਬਾਦਲਾ ਕਰਨ ਦੀ ਯੋਜਨਾ ’ਤੇ ਵਿਚਾਰ ਕੀਤੇ ਜਾਣ ਦੀ ਚਰਚਾ ਹੈ। ਜੇਕਰ ਵੱਡੀ ਗਿਣਤੀ ਵਿੱਚ ਤਜਰਬੇਕਾਰ ਅਤੇ ਯੋਗ ਅਧਿਆਪਕਾਂ ਦੇ ਤਬਾਦਲੇ ਹੁੰਦੇ ਹਨ ਤਾਂ ਇਸ ਦਾ ਸਿੱਧਾ ਪ੍ਰਭਾਵ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲ ਦੇ ਵਿਦਿਅਕ ਪੱਧਰ ’ਤੇ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ। 247ਵੇਂ ਦਿਨ ਵੀ ਜਾਰੀ ਰਿਹਾ ਸੰਘਰਸ਼ ਇਸ ਦੌਰਾਨ ਬੀਬੀਐੱਮਬੀ ਡੀਏਵੀ ਸਕੂਲ ਬਚਾਓ ਸਾਂਝੀ ਸੰਘਰਸ਼ ਕਮੇਟੀ ਦਾ ਅੰਦੋਲਨ ਮੰਗਲਵਾਰ ਨੂੰ 245ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਕਮੇਟੀ ਦਾ ਦੋਸ਼ ਹੈ ਕਿ ਬੀਬੀਐੱਮਬੀ ਪ੍ਰਸ਼ਾਸਨ ਵੱਲੋਂ ਤਲਵਾੜਾ ਸਕੂਲ ਦੀ ਆਰਥਿਕ ਸਹਾਇਤਾ ਬੰਦ ਕਰ ਕੇ ਇਸ ਦੇ ਭਵਿੱਖ ਨੂੰ ਅਨਿਸ਼ਚਿਤਤਾ ਵੱਲ ਧੱਕਿਆ ਜਾ ਰਿਹਾ ਹੈ ਅਤੇ ਸਕੂਲ ਨੂੰ ਅਜਿਹੀ ਸੰਸਥਾ ਦੇ ਹਵਾਲੇ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ ਜਾ ਰਹੇ ਹਨ, ਜੋ ਕਮੇਟੀ ਅਨੁਸਾਰ ਬੀਬੀਐੱਮਬੀ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਸਕੂਲ ਚਲਾ ਰਹੀ ਹੈ। ਸਾਂਝੀ ਸੰਘਰਸ਼ ਕਮੇਟੀ ਨੇ ਬੀਬੀਐੱਮਬੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ ਤਲਵਾੜਾ ਨੂੰ ਵੀ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ ਨੰਗਲ ਦੀ ਤਰਜ਼ ’ਤੇ ਆਰਥਿਕ ਸਹਾਇਤਾ ਜਾਰੀ ਰੱਖੀ ਜਾਵੇ, ਜਿਸ ਨਾਲ ਨਾ ਸਿਰਫ਼ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਰਾਹਤ ਮਿਲੇਗੀ, ਸਗੋਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲ ਦਾ ਵਿਦਿਅਕ ਪੱਧਰ ਵੀ ਬਰਕਰਾਰ ਰਹੇਗਾ। ਕੰਡੀ ਖੇਤਰ ਦੇ ਇਸ ਮਾਣਯੋਗ ਸਿੱਖਿਆ ਸੰਸਥਾਨ ਨੇ ਸਾਲਾਂ ਦੀ ਮਿਹਨਤ ਨਾਲ ਜੋ ਪਛਾਣ ਅਤੇ ਸਾਖ ਬਣਾਈ ਹੈ, ਉਸ ਨੂੰ ਕਿਸੇ ਵੀ ਹਾਲਤ ਵਿੱਚ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ।