ਮੰਤਰੀ ਦੇ ਆਪਣੇ ਹਲਕੇ ’ਚ ਹੋ ਰਹੀ ਧੜੱਲੇ ਨਾਲ ਮਾਈਨਿੰਗ ਮੰਤਰੀ ਦੇ ਆਪਣੇ ਹਲਕੇ ’ਚ ਹੋ ਰਹੀ ਧੜੱਲੇ ਨਾਲ ਮਾਈਨਿੰਗ
Publish Date: Thu, 13 Aug 2026 04:06 PM (IST)
Updated Date: Thu, 13 Aug 2026 04:08 PM (IST)
- ਹਨੇਰਾ ਹੁੰਦਿਆਂ ਹੀ ਕਸਬਾ ਹਰਿਆਣਾ ਦੀਆਂ ਸੜਕਾਂ ’ਤੇ ਮਾਈਨਿੰਗ ਮਾਫੀਆ ਦੀਆਂ ਬਿਨਾਂ ਕਿਸੇ ਖੌਫ ਤੋਂ ਦੌੜਦੀਆਂ ਨੇ ਟਰਾਲੀਆਂ ਕਮਲ, ਪੰਜਾਬੀ ਜਾਗਰਣ, ਹਰਿਆਣਾ : ਕਸਬਾ ਹਰਿਆਣਾ ਵਿੱਚ ਹਨੇਰਾ ਹੁੰਦਿਆਂ ਹੀ ਨਜਾਇਜ਼ ਰੇਤ ਅਤੇ ਮਿੱਟੀ ਦੀ ਮਾਈਨਿੰਗ ਦਾ ਧੰਦਾ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਹੈ। ਰਾਤ ਦੇ ਸਮੇਂ ਪ੍ਰਸ਼ਾਸਨਿਕ ਨਿਗਰਾਨੀ ਘੱਟ ਹੋਣ ਕਾਰਨ ਮਾਫੀਆ ਵੱਲੋਂ ਜੇਸੀਬੀ ਅਤੇ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਹਰਿਆਣਾ ਨਾਲ ਲੱਗਦੇ ਚੋਆਂ ਵਿੱਚੋਂ ਗੈਰ-ਕਾਨੂੰਨੀ ਖੁਦਾਈ ਖੁੱਲ੍ਹੇਆਮ ਕੀਤੀ ਜਾਂਦੀ ਹੈ। ਜਿਸ ਦੇ ਪ੍ਰਭਾਵ ਨਾਲ ਵਾਤਾਵਰਣ ਦਾ ਨੁਕਸਾਨ ਤੇ ਧਰਤੀ ਹੇਠਲੇ ਪਾਣੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਮਾਈਨਿੰਗ ਮਾਫੀਆ ਵੱਲੋਂ ਨਾਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਟੈਕਸ ਚੋਰੀ ਅਤੇ ਗੈਰ-ਕਾਨੂੰਨੀ ਮੁਨਾਫਾ ਕਮਾਇਆ ਜਾ ਰਿਹਾ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਸਬਾ ਹਰਿਆਣਾ ਵਿੱਚ ਕਾਫੀ ਲੰਮੇ ਸਮੇਂ ਤੋਂ ਰਾਤ ਦੇ ਹਨੇਰੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਮਾਈਨਿੰਗ ਮਾਫੀਆ ਨੂੰ ਸਹਿਯੋਗ ਮਿਲ ਰਿਹਾ ਹੈ। ਇੱਥੇ ਦੱਸਣ ਯੋਗ ਹੈ ਕਿ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸੂਬੇ ਵਿੱਚੋਂ ਰੇਤ ਮਾਫ਼ੀਆ ਨੂੰ ਖਤਮ ਕਰਕੇ 20,000 ਕਰੋੜ ਰੁਪਏ ਕਮਾਏ ਜਾਣਗੇ। ਜੋ ਪੰਜਾਬ ਦੇ ਵਿਕਾਸ ਤੇ ਖਰਚ ਹੋਣਗੇ। ਨਾਂ ਤਾਂ ਆਪ ਸਰਕਾਰ ਰੇਤ ਮਾਫੀਆ ਨੂੰ ਖਤਮ ਕਰ ਸਕੀ ਤੇ ਨਾ ਹੀ ਮਾਈਨਿੰਗ ਤੋ 20,000 ਕਰੋੜ ਰੁਪਏ ਕਮਾ ਕੇ ਪੰਜਾਬ ਦਾ ਵਿਕਾਸ ਕਰਵਾ ਸਕੀ। ਇੱਥੇ ਦੱਸਣਯੋਗ ਹੈ ਕਿ ਅਕਸਰ ਸ਼ੇਰਪੁਰ ਦੇ ਚੋਅ, ਡਡਿਆਣਾ ਕਲਾ ਚੋਅ, ਗੱਕ ਗੁਜਰਾ ਚੋਅ, ਮਹਿੰਗਰੋਵਾਲ, ਜਨੋੜੀ ਖੱਡ ਵਿੱਚ ਰੇਤਾ ਦੀ ਮਾਈਨਿੰਗ ਪਿਛਲੇ ਕਾਫੀ ਲੰਬੇ ਸਮੇ ਤੋਂ ਹੋ ਰਹੀ ਹੈ। ਜਿੱਥੇ ਮਾਈਨਿੰਗ ਮਾਫੀਆ ਵੱਲੋਂ ਮਾਈਨਿੰਗ ਦਾ ਕੰਮ ਵੱਡੀਆਂ ਵੱਡੀਆਂ ਮਸ਼ੀਨਰੀਆਂ ਲਾ ਕੇ ਕੀਤਾ ਜਾ ਰਿਹਾ ਹੈ। ਇਹ ਥਾਣਾ ਹਰਿਆਣਾ ਤੋਂ ਸਿਰਫ ਤਿੰਨ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਦੀ ਗਸ਼ਤ ਦੀ ਢਿੱਲੀ ਕਾਰਜੁਗਾਰੀ ਕਾਰਨ ਅਜੇ ਤੱਕ ਮਾਈਨਿੰਗ ਮਾਫੀਆ ਖਿਲਾਫ ਕੋਈ ਵੱਡੀ ਕਾਰਵਾਈ ਕਰਨ ਨੂੰ ਨਹੀਂ ਮਿਲੀ। ਇਥੋਂ ਸਪਸ਼ਟ ਹੁੰਦਾ ਹੈ ਕਿ ਜਾਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਮਾਈਨਿੰਗ ਮਾਫੀਆ ਵੱਲੋਂ ਵੱਡੇ ਪੱਧਰ ਤੇ ਕੋਈ ਮੁਨਾਫਾ ਪਹੁੰਚਾਇਆ ਜਾ ਰਿਹਾ ਹੈ ਅਤੇ ਜਾਂ ਫਿਰ ਮਾਈਨਿੰਗ ਮਾਫੀਆ ਦੇ ਸਿਰ ਉੱਤੇ ਕਿਸੇ ਮੰਤਰੀ ਦਾ ਹੱਥ ਹੈ ਤਾਂ ਜੋ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਇਹਨਾਂ ਨੂੰ ਮਾਈਨਿੰਗ ਕਰਨ ਤੋਂ ਰੋਕ ਨਹੀਂ ਰਿਹਾ।