- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਹਿਤੈਸ਼ੀਆਂ ਨੂੰ ਇਕਜੁੱਟ ਕਰਕੇ ਜਲਦ ਬਣਾਵਾਂਗੇ ਨਵਾਂ ਰਾਜਸੀ ਫਰੰਟ - ਡਾ. ਕੁਲਵੰਤ ਸਿੰਘ

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ : ਪੰਜਾਬ ਹਿਤੈਸ਼ੀਆਂ ਦੀ ਮੀਟਿੰਗ ਆਮ ਆਦਮੀ ਪਾਰਟੀ ਅਤੇ ਆਪਣਾ ਪੰਜਾਬ ਪਾਰਟੀ ਵਿੱਚ ਸੂਬਾ ਪੱਧਰ ’ਤੇ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਡਾ. ਕੁਲਵੰਤ ਸਿੰਘ ਚੱਬੇਵਾਲ ਦੀ ਅਗਵਾਈ ਵਿੱਚ ਕਸਬਾ ਚੱਬੇਵਾਲ ਵਿਖੇ ਹੋਈ। ਮੀਟਿੰਗ ਵਿੱਚ ਵਿਚਾਰ ਚਰਚਾ ਤੋਂ ਬਾਅਦ ਡਾਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਹਿਤੈਸ਼ੀਆਂ ਨਾਲ ਮਿਲ ਕੇ ਬਹੁਤ ਜਲਦ ਹੀ ਇੱਕ ਨਵਾਂ ਰਾਜਨੀਤਿਕ ਫਰੰਟ ਬਣਾਇਆ ਜਾਵੇਗਾ। ਇਸ ਨਵੇਂ ਫਰੰਟ ਦਾ ਨਾਮ ‘ਆਵਾਜ਼ ਏ ਪੰਜਾਬ’ ਹੋਵੇਗਾ, ਜੋ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਅਤੇ ਹਿੱਤਾਂ ਲਈ ਆਵਾਜ਼ ਬੁਲੰਦ ਕਰੇਗਾ। ਪੰਜਾਬ ਦੇ ਲੋਕਾਂ ਦਾ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਹੁਣ ਪੰਜਾਬ ਦੇ ਲੋਕ ਆਪਣੀ ਧਰਤੀ ’ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਵਾਲਾ ਰਾਜਨੀਤਿਕ ਮੰਚ ਚਾਹੁੰਦੇ ਹਨ। ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਦੀ ਸੋਚ ਅਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ‘ਆਵਾਜ਼ ਏ ਪੰਜਾਬ’ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਾਖੋਰੀ ਖ਼ਿਲਾਫ਼ ਲੜਾਈ ਲੜੇਗਾ। ਇਸ ਮੌਕੇ ਨਿਰਮਲ ਸਿੰਘ ਹਕੂਮਤਪੁਰੀ, ਚਰਨਜੀਤ ਸਿੰਘ, ਹਰਵੰਸ਼ ਸਿੰਘ, ਰਵਿੰਦਰ ਸਿੰਘ, ਅਨਮੋਲ ਚੱਬੇਵਾਲ, ਅਵਤਾਰ ਸਿੰਘ, ਰਾਮਧਨ ਅਤੇ ਅਜੀਤ ਸਿੰਘ ਸਮੇਤ ਹੋਰ ਆਗੂ ਅਤੇ ਸਮਰਥਕ ਵੀ ਹਾਜ਼ਰ ਸਨ।