ਸਕੂਲ ਆਫ਼ ਐਮੀਨੈਂਸ ’ਚ ਬੱਚਿਆਂ ਤੋਂ ਕਰਵਾਇਆ ਜਾਂਦਾ ਲੇਬਰ ਮਜ਼ਦੂਰੀ ਦਾ ਕੰਮ ਸਕੂਲ ਆਫ਼ ਐਮੀਨੈਂਸ ਚ ਬੱਚਿਆਂ ਤੋਂ ਕਰਵਾਇਆ ਜਾਂਦਾ ਲੇਵਰ ਮਜਦੂਰੀ ਦਾ ਕੰਮ
Publish Date: Tue, 11 Aug 2026 06:31 PM (IST)
Updated Date: Tue, 11 Aug 2026 06:32 PM (IST)
- 4 ਫੁੱਟ ਡੂੰਘੇ ਪੁਟਵਾਏ ਗਏ ਟੋਏ, ਪਾਣੀ ਦੀ ਨਿਕਾਸੀ ਦੇ ਨਾਂ ’ਤੇ ਬੱਚਿਆਂ ਤੋਂ ਕਰਵਾਈ ਜਾ ਰਹੀ ਸੀ ਲੇਬਰ ਮਜ਼ਦੂਰੀ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਜਿੱਥੇ ਪੰਜਾਬ ਸਰਕਾਰ ਵੱਲੋਂ ਸਕੂਲ ਪੜ੍ਹਨ ਵਾਲੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਕੁਝ ਸਕੂਲਾਂ ਵਿੱਚ ਬੱਚਿਆਂ ਕੋਲੋਂ ਲੇਬਰ ਮਜ਼ਦੂਰੀ ਕਰਵਾ ਕੇ ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਟਾਂਡਾ ਤੋਂ ਜਿੱਥੇ ਸਕੂਲ ਆਫ ਐਮੀਨੈਂਸ ਟਾਂਡਾ ਵਿਖੇ ਅਧਿਆਪਕਾਂ ਵੱਲੋਂ ਬੱਚਿਆਂ ਕੋਲੋਂ ਸਕੂਲ ਟਾਈਮ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ-ਕਾਪੀਆਂ ਦੀ ਥਾਂ ਕਹੀਆਂ ਫੜਾ ਕੇ ਡੂੰਘੇ-ਡੂੰਘੇ ਟੋਏ ਪੁਟਵਾਏ ਜਾ ਰਹੇ ਹਨ। ਇਸ ਮੌਕੇ ਜਦੋਂ ‘ਪੰਜਾਬੀ ਜਾਗਰਣ’ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਸ ਸਬੰਧੀ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਬੱਚਿਆਂ ਨਾਲ ਗੱਲਬਾਤ ਕਰਨ ’ਤੇ ਸਾਹਮਣੇ ਆਇਆ ਕਿ ਸਕੂਲ ਦੇ ਇੱਕ ਡੀਪੀ ਗੁਰਚਰਨ ਸਿੰਘ ਵੱਲੋਂ ਬੱਚਿਆਂ ਕੋਲੋਂ ਪਾਣੀ ਦੀ ਨਿਕਾਸੀ ਲਈ ਇਹ ਖੁਦਾਈ ਕਰਵਾਈ ਜਾ ਰਹੀ ਸੀ। ਬੱਚਿਆਂ ਨੇ ਦੱਸਿਆ ਕਿ ਉਹ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਹਨ ਤੇ ਉਹ ਵੋਕੇਸ਼ਨਲ ਪੜ੍ਹਦੇ ਹਨ। ਉਨ੍ਹਾਂ ਨੂੰ ਡੀਪੀ ਅਧਿਆਪਕ ਵੱਲੋਂ ਕੰਮ ’ਤੇ ਲਗਾਇਆ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਕੈਂਪਸ ਵਿੱਚ ਬੱਚਿਆਂ ਤੋਂ ਕਿਸੇ ਤਰ੍ਹਾਂ ਦਾ ਵੀ ਸਰੀਰਕ ਕੰਮ ਜਾਂ ਲੇਬਰ ਕਰਵਾਉਣਾ ਗੈਰ ਸੰਵਿਧਾਨਕ ਹੈ, ਫਿਰ ਅਜਿਹੇ ਵਿਚ ਬੱਚਿਆਂ ਕੋਲੋਂ ਸਕੂਲ ਟਾਈਮ ਵਿੱਚ ਲੇਬਰ ਮਜ਼ਦੂਰੀ ਕਿਸ ਦੇ ਹੁਕਮ ਨਾਲ ਕਰਵਾਈ ਜਾ ਰਹੀ ਹੈ ਅਤੇ ਅਜਿਹੇ ਵਿਚ ਜੇਕਰ ਕਿਸੇ ਬੱਚੇ ਦਾ ਕੋਈ ਜਾਨੀ ਜਾਂ ਸਰੀਰਕ ਨੁਕਸਾਨ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਅਜਿਹੇ ਵਿਚ ਬੱਚਿਆਂ ਦੀ ਸੁਰੱਖਿਆ ਅਤੇ ਸਕੂਲ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਇਸ ਮੌਕੇ ਜਦੋਂ ਡੀਪੀ ਗੁਰਚਰਨ ਸਿੰਘ ਤੋਂ ਬੱਚਿਆਂ ਨੂੰ ਖੁਦਾਈ ਦੇ ਕੰਮ ਵਿੱਚ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ, ਅਸੀਂ ਬੱਚਿਆਂ ਤੋਂ ਜੋ ਮਰਜ਼ੀ ਕੰਮ ਕਰਵਾਈਏ ਕੋਈ ਇਤਰਾਜ਼ ਨਹੀਂ ਕਰ ਸਕਦਾ। ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਹਰਜਿੰਦਰ ਕੌਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਪੁੱਛਿਆ ਕਿ ਸਕੂਲ ਵਿਦਿਆਰਥੀਆਂ ਕੋਲੋਂ ਸਕੂਲ ਟਾਈਮ ਵਿੱਚ ਲੇਬਰ ਮਜ਼ਦੂਰੀ ਕਿਵੇਂ ਕਾਰਵਾਈ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਆਪਕ ਵੱਲੋਂ ਜਾਂ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਕੋਲੋਂ ਜ਼ਬਰੀ ਲੇਬਰ ਮਜ਼ਦੂਰੀ ਕਰਵਾਈ ਜਾ ਰਹੀ ਹੈ ਤੇ ਨਿਯਮਾਂ ਦੇ ਉਲਟ ਕੰਮ ਕਰਵਾਇਆ ਗਿਆ ਹੈ ਤਾਂ ਉਨ੍ਹਾਂ ਵੱਲੋਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਖੁੱਡਾ ਸਕੂਲ ਵਿੱਚ ਹਨ ਅਤੇ ਟਾਂਡਾ ਸਕੂਲ ਦਾ ਉਨ੍ਹਾਂ ਨੂੰ ਵਾਧੂ ਚਾਰਜ ਮਿਲਿਆ ਹੋਇਆ ਹੈ। ਸਟਾਫ਼ ਦੀ ਘਾਟ ਕਾਰਨ ਉਹ ਹਫ਼ਤੇ ਵਿੱਚ ਦੋ-ਤਿੰਨ ਵਾਰ ਹੀ ਸਕੂਲ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਬੱਚਿਆਂ ਤੋਂ ਇਸ ਤਰ੍ਹਾਂ ਕੰਮ ਕਰਵਾਉਣਾ ਗਲਤ ਹੈ। ਜਾਂਚ ਤੋਂ ਬਾਅਦ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਹੋਵੇਗੀ।