ਵਾਟਰ ਸਪਲਾਈ ਦੀ ਲੀਕੇਜ ਬਣੀ ਮੁਸੀਬਤ, ਪੀਣ ਵਾਲੇ ਪਾਣੀ ’ਚ ਮਿਕਸ ਹੋ ਰਿਹਾ ਗੰਦਾ ਪਾਣੀ ਸ਼ਾਮ ਚੁਰਾਸੀ ’ਚ ਵਾਟਰ ਸਪਲਾਈ ਦੀ ਲੀਕੇਜ ਬਣੀ ਲੋਕਾਂ ਲਈ ਮੁਸੀਬਤ, ਗੰਦਾ ਪਾਣੀ ਪੀਣ ਵਾਲੀ ਸਪਲਾਈ ’ਚ ਮਿਲਣ ਦਾ ਦਾਅਵਾ
Publish Date: Sun, 09 Aug 2026 06:08 PM (IST)
Updated Date: Sun, 09 Aug 2026 06:11 PM (IST)
- ਰਾੜਾ ਸਾਹਿਬ ਤੇ ਬਾਬਾ ਸਾਹਿਬ ਅੰਬੇਡਕਰ ਚੌਕ ਨੇੜੇ ਕਈ ਥਾਵਾਂ ’ਤੇ ਪਾਈਪ ਲੀਕ, ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਮੁਰੰਮਤ ਦੀ ਕੀਤੀ ਮੰਗ ਦੀਪਕ ਮੱਟੂ, ਪੰਜਾਬੀ ਜਾਗਰਣ ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਦੇ ਬਾਬਾ ਸਾਹਿਬ ਅੰਬੇਡਕਰ ਚੌਕ ਨੇੜੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਵਾਟਰ ਸਪਲਾਈ ਦੀ ਪਾਈਪ ਲੀਕ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਲੀਕੇਜ ਵਾਲੀਆਂ ਥਾਵਾਂ ’ਤੇ ਸੀਵਰੇਜ ਅਤੇ ਬਰਸਾਤ ਦਾ ਗੰਦਾ ਪਾਣੀ ਵਾਟਰ ਸਪਲਾਈ ਦੀ ਪਾਈਪ ਵਿੱਚ ਦਾਖਲ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਘਰਾਂ ਦੀਆਂ ਟੂਟੀਆਂ ਤੱਕ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪੈਦਾ ਹੋ ਰਹੀ ਹੈ। ਇਲਾਕਾ ਵਾਸੀਆਂ ਅਨੁਸਾਰ ਵਾਟਰ ਸਪਲਾਈ ਦੀ ਪਾਈਪ ਕਈ ਥਾਵਾਂ ਤੋਂ ਲੀਕ ਕਰ ਰਹੀ ਹੈ, ਜਿਨ੍ਹਾਂ ਵਿੱਚ ਇੱਕ ਲੀਕੇਜ ਰਾੜਾ ਸਾਹਿਬ ਨੇੜੇ ਅਤੇ ਦੂਜੀ ਬਾਬਾ ਸਾਹਿਬ ਅੰਬੇਡਕਰ ਚੌਕ ਦੇ ਨੇੜੇ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲੀਕੇਜ ਕਾਰਨ ਸੜਕ ਕਿਨਾਰੇ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਗੰਦਾ ਪਾਣੀ ਪਾਈਪਲਾਈਨ ਦੇ ਸੰਪਰਕ ਵਿੱਚ ਆਉਣ ਕਾਰਨ ਪੀਣ ਵਾਲੇ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਲੀਕੇਜ ਦੀ ਪੱਕੇ ਤੌਰ ’ਤੇ ਮੁਰੰਮਤ ਨਹੀਂ ਹੋਈ। ਕਈ ਵਾਰ ਪਾਣੀ ਦੀ ਲੀਕੇਜ ਮਹੀਨਿਆਂ ਤੱਕ ਚੱਲਦੀ ਰਹਿੰਦੀ ਹੈ, ਜਿਸ ਕਾਰਨ ਸੜਕਾਂ ਅਤੇ ਆਲੇ-ਦੁਆਲੇ ਗੰਦਗੀ ਵੀ ਫੈਲਦੀ ਹੈ। ਇਲਾਕਾ ਵਾਸੀਆਂ ਨੇ ਵਾਟਰ ਸਪਲਾਈ ਮੁਰੰਮਤ ਕਰਮਚਾਰੀ ਨਰਿੰਦਰ ਕੁਮਾਰ (ਨਿੰਦਰ) ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਲੀਕ ਹੋਈਆਂ ਪਾਈਪਾਂ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਸਮੱਸਿਆ ਲੰਬੀ ਖਿੱਚ ਰਹੀ ਹੈ। ਇਸ ਮੌਕੇ ਦੁਕਾਨਦਾਰ ਟੋਨੀ, ਬਲਵੰਤ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਪੀਣ ਵਾਲਾ ਪਾਣੀ ਲੋਕਾਂ ਦੀ ਸਿਹਤ ਨਾਲ ਸਿੱਧਾ ਜੁੜਿਆ ਮਾਮਲਾ ਹੈ, ਇਸ ਲਈ ਵਾਟਰ ਸਪਲਾਈ ਲਾਈਨਾਂ ਦੀ ਲੀਕੇਜ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੀਕੇਜ ਵਾਲੀਆਂ ਸਾਰੀਆਂ ਥਾਵਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੇ ਨਾਲ-ਨਾਲ ਪਾਣੀ ਦੇ ਸੈਂਪਲਾਂ ਦੀ ਜਾਂਚ ਵੀ ਕਰਵਾਈ ਜਾਵੇ, ਤਾਂ ਜੋ ਪਾਣੀ ਦੀ ਗੁਣਵੱਤਾ ਸਬੰਧੀ ਸਥਿਤੀ ਸਪੱਸ਼ਟ ਹੋ ਸਕੇ। ਜਦੋਂ ਇਸ ਸਬੰਧੀ ਵਾਟਰ ਸਪਲਾਈ ਦੀ ਮੁਰੰਮਤ ਲਈ ਤਾਇਨਾਤ ਕਰਮਚਾਰੀ ਨਰਿੰਦਰ ਕੁਮਾਰ ਨਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੀਕੇਜ ਸਬੰਧੀ ਜਾਣਕਾਰੀ ਹੈ ਅਤੇ ਇਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।