ਸੀਵਰੇਜ ਲਈ ਪੁੱਟੇ ਟੋਏ ’ਚ ਡਿੱਗਿਆ ਨੌਜਵਾਨ, ਮੋਟਰਸਾਈਕਲ ਨੁਕਸਾਨਿਆ ਸ਼ਾਮ ਚੁਰਾਸੀ ਤੋਂ ਮਹੱਦੀਪੁਰ ਰੋਡ ’ਤੇ ਸੀਵਰੇਜ ਲਈ ਪੁੱਟੇ ਟੋਏ ’ਚ ਡਿੱਗਿਆ ਨੌਜਵਾਨ, ਮੋਟਰਸਾਈਕਲ ਨੁਕਸਾਨੀ
Publish Date: Sun, 09 Aug 2026 04:24 PM (IST)
Updated Date: Sun, 09 Aug 2026 04:26 PM (IST)
- ਨਵੀਂ ਬਣੀ ਸੜਕ ਨੂੰ ਕੁਝ ਹੀ ਦਿਨਾਂ ਬਾਅਦ ਪੁੱਟਣ ’ਤੇ ਪੰਚਾਇਤ ਮੈਂਬਰ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ ਦੀਪਕ ਮੱਟੂ, ਪੰਜਾਬੀ ਜਾਗਰਣ ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਤੋਂ ਮਹੱਦੀਪੁਰ ਰੋਡ ’ਤੇ ਰਾੜਾ ਸਾਹਿਬ ਦੇ ਨੇੜੇ ਰਾਤ ਸਮੇਂ ਇੱਕ ਨੌਜਵਾਨ ਮੋਟਰਸਾਈਕਲ ਸਮੇਤ ਸੀਵਰੇਜ ਪਾਉਣ ਲਈ ਪੁੱਟੇ ਗਏ ਟੋਏ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਗਨੀਮਤ ਰਹੀ ਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਨੌਜਵਾਨ ਨੂੰ ਟੋਏ ਵਿੱਚੋਂ ਬਾਹਰ ਕੱਢ ਲਿਆ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ ਪਿੰਡ ਮਹੱਦੀਪੁਰ ਵਾਸੀ ਰਾਜਾ ਸੋਨਾ ਲੀਕਾ ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਰਾਤ ਸਮੇਂ ਕੰਮ ਤੋਂ ਵਾਪਸ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਸ਼ਾਮ ਚੁਰਾਸੀ ਤੋਂ ਮਹੱਦੀਪੁਰ ਰੋਡ ’ਤੇ ਰਾੜਾ ਸਾਹਿਬ ਦੇ ਨੇੜੇ ਸੀਵਰੇਜ ਪਾਉਣ ਲਈ ਪ੍ਰਸ਼ਾਸਨ ਵੱਲੋਂ ਪੁੱਟੇ ਗਏ ਟੋਏ ਵਿੱਚ ਉਸ ਦੀ ਮੋਟਰਸਾਈਕਲ ਸਮੇਤ ਡਿੱਗ ਗਿਆ। ਹਾਦਸੇ ਦੌਰਾਨ ਨੌਜਵਾਨ ਨੂੰ ਸੱਟਾਂ ਲੱਗੀਆਂ, ਜਦਕਿ ਉਸ ਦੀ ਮੋਟਰਸਾਈਕਲ ਵੀ ਨੁਕਸਾਨੀ ਗਈ। ਰਾਤ ਦਾ ਸਮਾਂ ਹੋਣ ਕਾਰਨ ਸੜਕ ’ਤੇ ਪੁੱਟਿਆ ਗਿਆ ਟੋਆ ਸਪੱਸ਼ਟ ਤੌਰ ’ਤੇ ਦਿਖਾਈ ਨਾ ਦੇਣ ਕਾਰਨ ਇਹ ਹਾਦਸਾ ਵਾਪਰਿਆ। ਨਵੀਂ ਬਣੀ ਸੜਕ ਪੁੱਟਣ ’ਤੇ ਪੰਚਾਇਤ ਮੈਂਬਰ ਨੇ ਚੁੱਕੇ ਸਵਾਲ ਇਸ ਸਬੰਧੀ ਪਿੰਡ ਮਹੱਦੀਪੁਰ ਦੇ ਪੰਚਾਇਤ ਮੈਂਬਰ ਪੰਚ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਰੋਡ ’ਤੇ ਥੋੜ੍ਹੇ ਦਿਨ ਪਹਿਲਾਂ ਹੀ ਨਵੀਂ ਸੜਕ ਬਣਾਈ ਗਈ ਹੈ। ਇਹ ਸੜਕ ਕਈ ਸਾਲਾਂ ਬਾਅਦ ਬਣੀ ਹੈ ਪਰ ਜਦੋਂ ਸੜਕ ਪਹਿਲਾਂ ਖ਼ਰਾਬ ਹਾਲਤ ਵਿੱਚ ਸੀ, ਉਸ ਸਮੇਂ ਸੀਵਰੇਜ ਦਾ ਕੰਮ ਨਹੀਂ ਕਰਵਾਇਆ ਗਿਆ। ਨਵੀਂ ਸੜਕ ਬਣੇ ਨੂੰ ਅਜੇ ਸਿਰਫ਼ 10-12 ਦਿਨ ਹੀ ਹੋਏ ਹਨ ਅਤੇ ਹੁਣ ਸੀਵਰੇਜ ਪਾਉਣ ਲਈ ਸੜਕ ਨੂੰ ਦੁਬਾਰਾ ਪੁੱਟ ਦਿੱਤਾ ਗਿਆ ਹੈ। ਇਸ ਕਾਰਨ ਨਵੀਂ ਬਣੀ ਸੜਕ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਸਰਕਾਰ ਦੇ ਲੋਕਾਂ ਦੇ ਪੈਸੇ ਨਾਲ ਬਣਾਈ ਸੜਕ ’ਤੇ ਮੁੜ ਖਰਚੇ ਦਾ ਬੋਝ ਪੈ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਕਾਸ ਕਾਰਜਾਂ ਦੀ ਪਹਿਲਾਂ ਤੋਂ ਯੋਜਨਾਬੰਦੀ ਕੀਤੀ ਜਾਵੇ, ਤਾਂ ਜੋ ਇੱਕ ਕੰਮ ਪੂਰਾ ਹੋਣ ਤੋਂ ਬਾਅਦ ਉਸੇ ਸੜਕ ਨੂੰ ਮੁੜ ਪੁੱਟਣ ਦੀ ਨੌਬਤ ਨਾ ਆਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਦੇ ਟੋਏ ਵਾਲੀ ਥਾਂ ’ਤੇ ਬੈਰੀਕੇਡ, ਰਿਫਲੈਕਟਰ ਅਤੇ ਚੇਤਾਵਨੀ ਬੋਰਡ ਲਗਾ ਕੇ ਰਾਤ ਸਮੇਂ ਰੋਸ਼ਨੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ, ਤਾਂ ਜੋ ਆਉਣ-ਜਾਣ ਵਾਲੇ ਲੋਕ ਹਾਦਸਿਆਂ ਤੋਂ ਬਚ ਸਕਣ।