ਨਗਰ ਕੌਂਸਲ ਟਾਂਡਾ ਦਾ ਸਰਬਸੰਮਤੀ ਨਾਲ ਕਰੋੜਾਂ ਰੁਪਏ ਦਾ ਬਜਟ ਪਾਸ ਨਗਰ ਕੌਂਸਲ ਟਾਂਡਾ ਦਾ ਸਰਬ ਸੰਮਤੀ ਨਾਲ ਕਰੋੜਾ ਰੁਪਏ ਦਾ ਬਜਟ ਪਾਸ
Publish Date: Thu, 06 Aug 2026 06:10 PM (IST)
Updated Date: Thu, 06 Aug 2026 06:13 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਨਗਰ ਕੌਂਸਲ ਟਾਂਡਾ ਉੜਮੁੜ ਨੇ ਵਿੱਤੀ ਵਰ੍ਹੇ 2026-27 ਲਈ 11 ਕਰੋੜ 13 ਲੱਖ 62 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਮੌਕੇ ਨਗਰ ਕੌਂਸਲ ਦੀ ਮੀਟਿੰਗ ਪ੍ਰਧਾਨ ਹਰੀ ਕਿਸ਼ਨ ਸੈਣੀ ਅਤੇ ਕਾਰਜਕਾਰੀ ਈਓ ਵਿਜੈ ਡੋਗਰਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਕਈ ਮਹੱਤਵਪੂਰਨ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਵਿਧਾਇਕ ਰਾਜਾ ਨੇ ਦੱਸਿਆ ਕਿ ਪਿਛਲੇ ਸਾਲ ਦੇ 10.98 ਕਰੋੜ ਰੁਪਏ ਦੇ ਮੁਕਾਬਲੇ ਇਸ ਵਾਰ ਬਜਟ ਵਿੱਚ ਵਾਧਾ ਕੀਤਾ ਗਿਆ ਹੈ। ਕੌਂਸਲ ਨੂੰ ਜੀਐੱਸਟੀ, ਪ੍ਰਾਪਰਟੀ ਟੈਕਸ, ਪਾਣੀ ਸਪਲਾਈ, ਸੀਵਰੇਜ ਫੀਸ, ਕਿਰਾਏ, ਬੱਸ ਸਟੈਂਡ ਫੀਸ ਅਤੇ ਹੋਰ ਸਰੋਤਾਂ ਤੋਂ 11.13 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਬਜਟ ਅਨੁਸਾਰ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪ੍ਰਸ਼ਾਸਕੀ ਖਰਚਾਂ ਲਈ 5.90 ਕਰੋੜ ਰੁਪਏ, ਜਦਕਿ 4.90 ਕਰੋੜ ਰੁਪਏ ਸੜਕਾਂ, ਗਲੀਆਂ, ਨਾਲਿਆਂ, ਪਾਣੀ ਸਪਲਾਈ, ਸੀਵਰੇਜ, ਪਾਰਕਾਂ ਦੇ ਵਿਕਾਸ ਅਤੇ ਹੋਰ ਨਾਗਰਿਕ ਸਹੂਲਤਾਂ ’ਤੇ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ 32.55 ਲੱਖ ਰੁਪਏ ਆਕਸਮਿਕ ਫੰਡ ਵਜੋਂ ਰਾਖਵੇਂ ਰੱਖੇ ਗਏ ਹਨ। ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਤੋਂ ਵੱਧ ਤੋਂ ਵੱਧ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਪਹਿਲ ਰਹੇਗੀ ਅਤੇ ਵਿਕਾਸ ਕਾਰਜਾਂ ਲਈ ਫੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨਗਰ ਕੌਂਸਲ ਪ੍ਰਧਾਨ ਹਰੀ ਕਿਸ਼ਨ ਸੈਣੀ ਨੇ ਕਿਹਾ ਕਿ ਸਾਰੇ ਵਾਰਡਾਂ ਵਿੱਚ ਲੋੜ ਅਨੁਸਾਰ ਕੰਮ ਕਰਵਾਏ ਜਾਣਗੇ ਅਤੇ ਯੋਜਨਾਵਾਂ ਨੂੰ ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ਼ਹਿਰ ਦੀਆਂ ਜਰਜਰ ਅਤੇ ਖਸਤਾ ਹਾਲਤ ਇਮਾਰਤਾਂ ਦਾ ਮੁੱਦਾ ਵੀ ਉਠਿਆ। ਵਿਧਾਇਕ ਨੇ ਕਿਹਾ ਕਿ ਅਜਿਹੀਆਂ ਇਮਾਰਤਾਂ ਦੀ ਪਛਾਣ ਕਰ ਕੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੀ ਕਾਰਵਾਈ ਜਲਦੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਅਕਾਊਂਟੈਂਟ ਪਰਮਿੰਦਰ ਸਿੰਘ ਸੈਣੀ, ਐੱਸਡੀਓ ਕੁਲਦੀਪ ਸਿੰਘ ਘੁੰਮਣ, ਰਸ਼ਪਾਲ ਸਿੰਘ, ਉੱਤਮ ਸਿੰਘ, ਆਕਾਸ਼ ਮਰਵਾਹਾ, ਗਿੰਨੀ ਅਰੋੜਾ ਸਮੇਤ ਕੌਂਸਲਰ ਪ੍ਰਵੀਣ ਖੰਨਾ, ਹਰਮੀਤ ਸਿੰਘ, ਜਸਵੰਤ ਕੌਰ ਮੁਲਤਾਨੀ, ਸਰੋਜ ਬਾਲਾ, ਸੇਠ ਰਾਮ ਸੇਠੀ, ਗੁਰਬਖ਼ਸ਼ ਕੌਰ, ਪਰਮਿੰਦਰ ਕੌਰ ਘੁੰਮਣ, ਮੰਜੀਤ ਕੌਰ, ਹੀਨਾ ਵੈਦ, ਬਲਦੇਵ ਰਾਜ, ਦਵਿੰਦਰ ਸਿੰਘ ਬਿੱਲੂ, ਗੁਰਪ੍ਰੀਤ ਕੌਰ, ਪ੍ਰੀਤਪਾਲ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।