- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਕਟਾਰੂਚੱਕ ਵਲੋਂ ਰੱਖੇ ‘ਨੇਚਰ ਅਵੇਰਨੈਸ ਕੈਂਪ’ ਦੇ ਨੀਂਹ ਪੱਥਰ ਪਰਦਾਨਸ਼ੀ ਬਣਿਆ

- ਵਿਧਾਇਕ ਘੁੰਮਣ ਦਾ ‘ਹਵਾ ਮਹਿਲ’ ਨੂੰ ਵਿਕਸਿਤ ਕਰਨ ਵਾਲਾ ਪ੍ਰੋਜੈਕਟ ਹਵਾ ਹਵਾਈ ਹੋਇਆ : ਦਲਜੀਤ ਜੀਤੂ
ਦੇਸ ਰਾਜ, ਪੰਜਾਬੀ ਜਾਗਰਣ
ਦਾਤਾਰਪੁਰ : ਭਾਜਪਾ ਦੇ ਆਗੂ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਜੀਤੂ ਨੇ ਕਰੀਬ ਡੇਢ ਸਾਲ ਪਹਿਲਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਤਲਵਾੜਾ ਵਿੱਚ ‘ਨੇਚਰ ਅਵੇਅਰਨੈਸ ਕੈਂਪ’ ਦੇ ਰੱਖੇ ਨੀਂਹ ਪੱਥਰ ਨੂੰ ਬੋਰੀਆਂ ਦੀ ਬਣਾਈ ਤਰਪਾਲ ਨਾਲ ਢੱਕੇ ਜਾਣ ’ਤੇ ਸਵਾਲ ਖੜ੍ਹੇ ਕੀਤੇ ਹਨ। ਕਰੀਬ 80 ਲੱਖ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਪ੍ਰੋਜਕੈਟ ਦੀ ਹਾਲੇ ਤੱਕ ਪੂਣੀ ਵੀ ਨਹੀਂ ਕੱਤੀ ਗਈ। ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੱਸਿਆ ਸੀ ਕਿ ਇਹ ਪ੍ਰੋਜੈਕਟ ਈਕੋ-ਟੂਰਿਜ਼ਮ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਦੀ ਅੰਦਾਜ਼ਨ ਲਾਗਤ ਲਗਭਗ 80 ਲੱਖ ਰੁਪਏ ਹੈ। ਇਹ ਕੈਂਪ ਪੌਂਗ ਡੈਮ ਦੇ ਨੇੜੇ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੋਵੇਗਾ। ਇਸ ਵਿੱਚ 2 ਅਸਥਾਈ ਝੌਂਪੜੀਆਂ, 1 ਰਸੋਈ, 1 ਡਾਇਨਿੰਗ ਹਾਲ ਅਤੇ ਸਥਾਨਕ ਵਾਸੀਆਂ ਲਈ ਕੈਂਟੀਨ ਦੀ ਸਹੂਲਤ ਵੀ ਸ਼ਾਮਲ ਹੋਵੇਗੀ। ਉਨ੍ਹਾ ਦਾਅਵਾ ਕੀਤਾ ਸੀ ਕਿ ਇਸ ਪ੍ਰੋਜੈਕਟ ਅਧੀਨ ਹਵਾ ਮਹਿਲ ਕੈਂਪ ਤੋਂ ਤਲਵਾੜਾ ਤੱਕ 2 ਕਿਲੋਮੀਟਰ ਲੰਬੀ ‘ਨੇਚਰ ਟ੍ਰੇਲ’ ਬਣਾਈ ਜਾਵੇਗੀ ਅਤੇ ਸ਼ਾਹ ਨਹਿਰ ਬੈਰਾਜ ’ਤੇ ਵਾਟਰ ਸਪੋਰਟਸ ਦੀ ਸਹੂਲਤ ਵੀ ਸੈਲਾਨੀਆਂ ਲਈ ਉਪਲਬਧ ਹੋਵੇਗੀ। ਪੌਂਗ ਡੈਮ, ਜੋ ਹਰ ਸਾਲ ਲੱਖਾਂ ਪ੍ਰਵਾਸੀ ਪੰਛੀਆਂ ਦਾ ਗੜ੍ਹ ਹੁੰਦਾ ਹੈ, ਹੁਣ ਸੈਲਾਨੀਆਂ ਲਈ ਇੱਕ ਨਵਾਂ ਠਹਿਰਾਅ ਸਥਾਨ ਬਣੇਗਾ।
ਭਾਜਪਾ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਜੀਤੂ ਨੇ ਇਸ ਪ੍ਰੋਜੈਕਟ ਦੇ ਤਰਪਾਲਾਂ ਨਾਲ ਢੱਕੇ ਨੀਂਹ ਦੀ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਹ ਅਲੱਗ ਤਰ੍ਹਾਂ ਦਾ ਨੀਂਹ ਪੱਥਰ ਹੈ, ਜਿਸ ਦੀ ਖੋਜ਼ ਆਮ ਆਦਮੀ ਪਾਰਟੀ ਨੇ ਕੀਤੀ ਹੈ ਅਤੇ ਇਹ ਪਰਦਾਨਸ਼ੀਂ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨੀਂਹ ਪੱਥਰ ਨੂੰ ਬੋਰੀਆਂ ਨਾਲ ਢੱਕਿਆ ਗਿਆ ਹੈ ਅਤੇ ਆਮ ਆਦਮੀ ਪਾਰਟੀ ਲਗਾਤਾਰ ਅਜਿਹੇ ਕੰਮ ਕਰ ਰਹੀ ਹੈ। ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਜਾਂ ਨੀਂਹ ਪੱਥਰਾਂ ਵਾਲੇ ਪ੍ਰੋਜੈਕਟ ਕੇਵਲ ਡਰਾਮੇ ਬਾਜੀ ਲਈ ਰੱਖੇ ਜਾਂਦੇ ਹਨ ਅਤੇ ਕਈ ਥਾਂਵੇ ਝੋਨੇ ਵਿੱਚ ਕੁਝ ਨੀਂਹ ਪੱਥਰ ਰੱਖੇ ਗਏ ਹਨ। ਇਸ ਸਬੰਧੀ ਵਾਰ-ਵਾਰ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨਾਲ ਫੋਨ ਰਾਹੀਂ ਸੰਪਰਕ ਕਰਨਾ ਚਾਹਿਆ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।