ਚੋਰਾਂ ਦੇ ਹੌਸਲੇ ਬੁਲੰਦ; ਪੇਂਟ ਸਟੋਰ ਸਮੇਤ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
ਹੁਸ਼ਿਆਰਪੁਰ 'ਚ ਚੋਰਾਂ ਦੇ ਹੌਸਲੇ ਬੁਲੰਦ: ਹਰਿਆਣਾ ਰੋਡ 'ਤੇ ਪੇਂਟ ਸਟੋਰ ਸਮੇਤ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Publish Date: Thu, 02 Apr 2026 06:41 PM (IST)
Updated Date: Fri, 03 Apr 2026 04:14 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਹਰਿਆਣਾ ਰੋਡ ‘ਤੇ ਗਊਸ਼ਾਲਾ ਪੁਲ ਨੇੜੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਚੋਰਾਂ ਨੇ ਇੱਕ ਪੇਂਟ ਸਟੋਰ ਵਿੱਚ ਦਾਖਲ ਹੋ ਕੇ ਚਾਂਦੀ ਦੀਆਂ ਭਗਵਾਨ ਦੀਆਂ ਮੂਰਤੀਆਂ, ਕਰੀਬ 20 ਤੋਂ 25 ਹਜ਼ਾਰ ਰੁਪਏ ਨਕਦ, ਕੁਝ ਮੋਬਾਈਲ ਫੋਨ ਅਤੇ ਪਾਵਰ ਬੈਂਕ ਚੋਰੀ ਕਰ ਲਏ। ਦੁਕਾਨ ਦੇ ਮਾਲਕ ਨੀਤਾਨ ਪੂਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੋ ਅਣਪਛਾਤੇ ਵਿਅਕਤੀ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ‘ਤੇ ਇਹ ਛੇਵੀਂ ਵਾਰ ਚੋਰੀ ਦੀ ਵਾਰਦਾਤ ਹੋਈ ਹੈ। ਉਨ੍ਹਾਂ ਕਿਹਾ ਕਿ ਹੋਰ ਸਮਾਨ ਦੀ ਘਾਟ ਬਾਰੇ ਜਾਂਚ ਜਾਰੀ ਹੈ। ਬਾਕਸ-- ਕਨਫੈਕਸ਼ਨਰੀ ਦੁਕਾਨਾਂ ਦੇ ਸ਼ਟਰ ਤੋੜ ਕੇ ਵਾਰਦਾਤ ਇਸ ਤੋਂ ਇਲਾਵਾ ਨਾਲ ਲੱਗਦੀਆਂ ਦੋ ਕਨਫੈਕਸ਼ਨਰੀ ਦੁਕਾਨਾਂ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ। ਦੁਕਾਨਦਾਰ ਬਲਬੀਰ ਨੇ ਦੱਸਿਆ ਕਿ ਚੋਰ ਦੁਕਾਨ ਦੇ ਪਿਛਲੇ ਪਾਸੇ ਲੱਗੇ ਸ਼ਟਰ ਨੂੰ ਤੋੜ ਕੇ ਅੰਦਰ ਵੜੇ ਅਤੇ ਕਰੀਬ 1200 ਰੁਪਏ ਦੀ ਨਕਦੀ ਚੋਰੀ ਕਰ ਗਏ। ਉਨ੍ਹਾਂ ਦੇ ਨਾਲ ਲੱਗਦੀ ਦੁਕਾਨ ਦੇ ਮਾਲਕ ਸੁਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਵਿੱਚੋਂ ਨਕਦੀ ਚੋਰੀ ਕਰਨ ਦੇ ਨਾਲ ਕੁਝ ਖਾਣ-ਪੀਣ ਦਾ ਸਮਾਨ ਵੀ ਵਰਤਿਆ। ਬਾਕਸ-- ਸਵੇਰੇ ਖੁਲਾਸਾ, ਇਲਾਕੇ ‘ਚ ਹੜਕੰਪ ਸਵੇਰੇ ਜਦੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਤਾਂ ਚੋਰੀ ਦਾ ਪਤਾ ਲੱਗਣ ‘ਤੇ ਇਲਾਕੇ ਵਿੱਚ ਹੜਕੰਪ ਮਚ ਗਿਆ। ਸਥਾਨਕ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।