ਕਾਂਗਰਸ ਹੀ ਅਮਨ-ਕਾਨੂੰਨ ਤੇ ਖੁਸ਼ਹਾਲੀ ਬਹਾਲ ਕਰਨ ਦੇ ਸਮਰੱਥ
ਕਾਂਗਰਸ ਹੀ ਅਮਨ-ਕਾਨੂੰਨ ਤੇ ਖੁਸ਼ਹਾਲੀ ਬਹਾਲ ਕਰਨ ਦੇ ਸਮਰੱਥ
Publish Date: Thu, 02 Apr 2026 05:03 PM (IST)
Updated Date: Fri, 03 Apr 2026 04:08 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਹਲਕਾ ਮੁਕੇਰੀਆਂ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਇਲਾਕੇ ਦੇ ਉੱਘੇ ਅਤੇ ਸਰਗਰਮ ਲੋਕ ਆਗੂ ਠਾਕੁਰ ਅਨਿਲ ਕੁਮਾਰ ਦੀ ਅਗਵਾਈ ਹੇਠ ਪਿੰਡ ਹਰਸਾ ਮਾਨਸਰ ਦੇ ਵੱਖ-ਵੱਖ ਵਾਰਡਾਂ ਤੋਂ ਆਏ ਸੱਜਣ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ ਵਿੱਚ ਵਾਰਡ ਨੰਬਰ 1 ਤੋਂ ਛੋਟੂ ਰਾਮ, ਵਾਰਡ ਨੰਬਰ 2 ਤੋਂ ਦਰਸ਼ਨ, ਵਾਰਡ ਨੰਬਰ 3 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 4 ਤੋਂ ਰਜਨੀ, ਵਾਰਡ ਨੰਬਰ 5 ਤੋਂ ਕੀਰਤੀ, ਵਾਰਡ ਨੰਬਰ 7 ਤੋਂ ਸੁਰੇਸ਼ ਕੁਮਾਰ, ਵਾਰਡ ਨੰਬਰ 8 ਤੋਂ ਨਿਰਪਾਲ ਸਿੰਘ ਅਤੇ ਵਾਰਡ ਨੰਬਰ 9 ਤੋਂ ਚਰਨਜੀਤ ਸਿੰਘ ਆਦਿ ਸ਼ਾਮਲ ਹਨ। ਨਵੇਂ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਲੋਕ ਹੁਣ ਇਹ ਗੱਲ ਸਮਝ ਚੁੱਕੇ ਹਨ ਕਿ ਕਾਂਗਰਸ ਤੋਂ ਬਿਨ੍ਹਾਂ ਕੋਈ ਹੋਰ ਪਾਰਟੀ ਪੰਜਾਬ ਵਿੱਚ ਅਮਨ-ਕਾਨੂੰਨ, ਸ਼ਾਂਤੀ ਅਤੇ ਖੁਸ਼ਹਾਲੀ ਕਾਇਮ ਕਰਨ ਦੇ ਯੋਗ ਨਹੀਂ। ਲੋਕ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ ਕਰਕੇ ਨਿਰਾਸ਼ ਹੋਏ ਹਨ ਅਤੇ ਹੁਣ ਹਰ ਪਿੰਡ ਤੇ ਹਰ ਗਲੀ ਵਿੱਚ ਲੋਕ ਕਾਂਗਰਸ ਦੇ ਹੱਕ ਵਿੱਚ ਖੜ੍ਹੇ ਹੋ ਰਹੇ ਹਨ। ਹਲਕੇ ਵਿੱਚ ਰੁਕੇ ਹੋਏ ਵਿਕਾਸ, ਸਰਕਾਰੀ ਸ਼ਹਿ ‘ਤੇ ਹੋ ਰਹੀ ਕੁਦਰਤੀ ਸਾਧਨਾਂ ਦੀ ਲੁੱਟ, ਬੇਇਨਸਾਫ਼ੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਭ ਨੂੰ ਇਕੱਠੇ ਹੋ ਕੇ ਲੋਕ ਹੱਕਾਂ ਲਈ ਕਾਂਗਰਸ ਦੇ ਝੰਡੇ ਹੇਠ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੱਤਾ ਵਿੱਚ ਆਉਣ ‘ਤੇ ਪਾਰਟੀ ਇਲਾਕੇ ਦਾ ਸਰਬਪੱਖੀ ਵਿਕਾਸ ਕਰੇਗੀ ਤਾਂ ਜੋ ਹਰ ਨਾਗਰਿਕ ਕਾਂਗਰਸ ਨਾਲ ਜੁੜ ਕੇ ਮਾਣ ਮਹਿਸੂਸ ਕਰੇ। ਇਸ ਮੌਕੇ ਟਕਸਾਲੀ ਕਾਂਗਰਸੀ ਆਗੂ ਤਰਸੇਮ ਮਿਨਹਾਸ, ਅਸ਼ਵਨੀ ਕੁਮਾਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੇਅੰਤ ਸਿੰਘ ਮਹਿਮੂਦਪੁਰ, ਕਿਸ਼ਨਪਾਲ ਸਿੰਘ ਬਿੱਟੂ, ਤਜਿੰਦਰਪਾਲ ਸਿੰਘ ਬੱਬਲ ਸਰਪੰਚ, ਠਾਕੁਰ ਰਣਬੀਰ ਸਿੰਘ ਪੰਡੋਰੀ ਭਗਤ, ਗੁਰਦੇਵ ਸਿੰਘ ਜਹਾਨਪੁਰ ਅਤੇ ਰਸ਼ਪਾਲ ਸਿੰਘ ਰੰਗਾ ਆਦਿ ਵੀ ਮੌਜ਼ੂਦ ਸਨ।