ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ, ਲੋਕਾਂ ਨੂੰ ਤੇਲ ਦੀ ਕਮੀ ਦਾ ਡਰ ਸਤਾਉਣ ਲੱਗਾ
ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ, ਲੋਕਾਂ ਨੂੰ ਤੇਲ ਦੀ ਕਮੀ ਦਾ ਡਰ ਸਤਾਉਣ ਲੱਗਾ
Publish Date: Thu, 26 Mar 2026 05:44 PM (IST)
Updated Date: Fri, 27 Mar 2026 04:06 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਵੀ ਵਾਧਾ ਹੋਣ ਦੇ ਨਾਲ-ਨਾਲ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਅੱਜ ਗੜ੍ਹਦੀਵਾਲਾ ਸ਼ਹਿਰ ਦੇ ਤਕਰੀਬਨ ਸਾਰੇ ਪੈਟਰੋਲ ਪੰਪਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਪੰਪਾਂ ਦੇ ਕਰਦਿਆਂ ਵੱਲੋਂ ਲੋਕਾਂ ਨੂੰ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਪੈਟਰੋਲ ਪੰਪਾਂ ਦੇ ਬੰਦ ਹੁੰਦਿਆਂ ਹੀ ਲੋਕਾਂ ’ਚ ਅਫ਼ਰਾ ਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਲਾਉਣ ਲੱਗੇ। ਜ਼ਿਕਰਯੋਗ ਹੈ ਕਿ ਆਰਥਿਕ ਤੌਰ ’ਤੇ ਮਜ਼ਬੂਤ ਲੋਕਾਂ ਵੱਲੋਂ ਈਰਾਨ ਤੇ ਇਜ਼ਰਾਈਲ ਦੀ ਜੰਗ ਦੇ ਮੱਦੇਨਜ਼ਰ ਪਹਿਲਾਂ ਹੀ ਤੇਲ ਦਾ ਚੋਖਾ ਭੰਡਾਰ ਜਮ੍ਹਾ ਕਰ ਲਿਆ ਗਿਆ ਹੈ। ਇਸ ਦੇ ਬਾਵਜੂਦ ਅੱਜ ਸਾਰਾ ਦਿਨ ਅਫ਼ਵਾਹਾਂ ਦਾ ਮਾਹੌਲ ਗਰਮ ਰਿਹਾ ਤੇ ਤੇਲ ਬੰਦ ਹੋਣ ਦੇ ਨਾਲ-ਨਾਲ ਲਾਕਡਾਊਨ ਵਰਗੀ ਸਥਿਤੀ ਬਣਨ ਦੀਆਂ ਲੋਕ ਗੱਲਾਂ ਕਰਦੇ ਰਹੇ। ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਪਰ ਇਸ ਦੇ ਬਾਵਜੂਦ ਪੈਟਰੋਲ ਪੰਪ ਮਾਲਕਾਂ ਨੇ ਪੈਟਰੋਲ ਦੇਣ ਤੋਂ ਇਨਕਾਰ ਕੀਤਾ, ਉੱਥੇ ਹੀ ਪੈਟਰੋਲ ਪੰਪ ਦੀਆਂ ਲਾਈਟਾਂ ਤੱਕ ਵੀ ਬੰਦ ਕਰ ਦਿੱਤੀਆਂ। ਖ਼ਬਰ ਲਿਖੇ ਜਾਣ ਤੱਕ ਲੋਕ ਪੈਟਰੋਲ ਤੇ ਡੀਜ਼ਲ ਲੈਣ ਲਈ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ’ਤੇ ਤਰਲੋ ਮੱਛੀ ਹੋ ਰਹੇ ਸਨ। ਪੈਟਰੋਲ ਪੰਪ ’ਤੇ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਬੋਤਲਾਂ ਤੇ ਡਰੰਮਾਂ ’ਚ ਤੇਲ ਭਰਵਾਉਣ ਲੱਗੇ।