ਟਾਈਪਿੰਗ ਟੈਸਟ ਦਾ ਨਤੀਜਾ ਐਲਾਨਿਆ
ਟਾਈਪਿੰਗ ਟੈਸਟ ਦਾ ਨਤੀਜਾ ਐਲਾਨਿਆ: ਤਰਸ ਦੇ ਅਧਾਰ 'ਤੇ ਨਿਯੁਕਤ 63 ਕਲਰਕਾਂ ਵਿੱਚੋਂ ਸਿਰਫ਼ 2 ਹੋਏ ਪਾਸ
Publish Date: Tue, 24 Mar 2026 07:58 PM (IST)
Updated Date: Wed, 25 Mar 2026 04:11 AM (IST)

- ਤਰਸ ਦੇ ਅਧਾਰ ’ਤੇ ਨਿਯੁਕਤ 63 ਕਲਰਕਾਂ ’ਚੋਂ ਸਿਰਫ਼ 2 ਹੋਏ ਪਾਸ ਸਟਾਫ ਰਿਪੋਰਟਰ, ਹੁਸ਼ਿਆਰਪੁਰ : ਪੰਜਾਬ ਸਿੱਖਿਆ ਵਿਭਾਗ ਵੱਲੋਂ ਤਰਸ ਦੇ ਆਧਾਰ ’ਤੇ ਨਿਯੁਕਤ ਕੀਤੇ ਕਲਰਕਾਂ ਦੇ ਟਾਈਪਿੰਗ ਟੈਸਟ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਫਰਵਰੀ 2026 ’ਚ ਭਾਸ਼ਾ ਵਿਭਾਗ, ਪਟਿਆਲਾ ਵੱਲੋਂ ਕਰਵਾਏ ਗਏ ਇਸ ਟੈਸਟ ਦੇ ਨਤੀਜੇ ਬਹੁਤ ਨਿਰਾਸ਼ਾਜਨਕ ਰਹੇ ਹਨ। ਕੁੱਲ 63 ਉਮੀਦਵਾਰਾਂ ਵਿੱਚੋਂ ਸਿਰਫ਼ 2 ਹੀ ਪੂਰੀ ਤਰ੍ਹਾਂ ਪਾਸ ਹੋ ਸਕੇ। ਦੋ ਉਮੀਦਵਾਰਾਂ ਨੇ ਦੋਵੇਂ ਟੈਸਟ ਕੀਤੇ ਪਾਸ ਤਰਨਤਾਰਨ ਦੇ ਜਸਕਰਨ ਸਿੰਘ ਤੇ ਮੁਕਤਸਰ ਦੇ ਹਿਮਾਂਸ਼ੂ ਨੇ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਟਾਈਪਿੰਗ ਟੈਸਟ ਪਾਸ ਕਰ ਕੇ ਆਪਣੀ ਨੌਕਰੀ ਮਜ਼ਬੂਤ ਕਰਨ ਵੱਲ ਵੱਡਾ ਕਦਮ ਚੁੱਕਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਸ਼ਿਵਮ ਵਾਸੂਦੇਵ ਨੇ ਅੰਗਰੇਜ਼ੀ ਟੈਸਟ ਪਾਸ ਕੀਤਾ, ਪਰ ਪੰਜਾਬੀ (ਰਾਵੀ ਫੌਂਟ) ਵਿੱਚ ਅਸਫਲ ਰਹੇ। ਨਤੀਜਿਆਂ ਦੇ ਵਿਸ਼ਲੇਸ਼ਣ ਅਨੁਸਾਰ 63 ਵਿੱਚੋਂ 40 ਉਮੀਦਵਾਰ ਪ੍ਰੀਖਿਆ ਵਿੱਚ ਗੈਰਹਾਜ਼ਰ ਰਹੇ। ਵਿਭਾਗੀ ਸੂਤਰਾਂ ਮੁਤਾਬਕ ਵਾਰ-ਵਾਰ ਮੌਕੇ ਦੇਣ ਦੇ ਬਾਵਜੂਦ ਇਸ ਤਰ੍ਹਾਂ ਦੀ ਗੈਰਹਾਜ਼ਰੀ ਪ੍ਰਸ਼ਾਸਨਿਕ ਕੰਮਕਾਜ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ। ਸਿੱਖਿਆ ਵਿਭਾਗ ਨੇ ਫੇਲ੍ਹ ਹੋਏ ਜਾਂ ਗੈਰਹਾਜ਼ਰ ਰਹੇ ਕਰਮਚਾਰੀਆਂ ਨੂੰ ਇੱਕ ਹੋਰ ਮੌਕਾ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਟਾਈਪਿੰਗ ਟੈਸਟ ਜੂਨ 2026 ਵਿੱਚ ਮੁੜ ਕਰਵਾਇਆ ਜਾਵੇਗਾ। ਇਸ ਲਈ ਉਮੀਦਵਾਰਾਂ ਨੂੰ 15 ਅਪ੍ਰੈਲ 2026 ਤੱਕ ਆਪਣੇ ਨਾਮ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਭੇਜਣੇ ਹੋਣਗੇ। ਕੁੱਲ 63 ਉਮੀਦਵਾਰਾਂ ਵਿੱਚੋਂ 40 ਗੈਰਹਾਜ਼ਰ ਰਹੇ, 20 ਫੇਲ੍ਹ ਹੋਏ, 2 ਨੇ ਦੋਵੇਂ ਟੈਸਟ ਪਾਸ ਕੀਤੇ ਜਦਕਿ 1 ਉਮੀਦਵਾਰ ਸਿਰਫ਼ ਇੱਕ ਵਿਸ਼ੇ ਵਿੱਚ ਪਾਸ ਹੋਇਆ। ਜ਼ਿਆਦਾਤਰ ਉਮੀਦਵਾਰ ਪੰਜਾਬੀ ਟਾਈਪਿੰਗ (ਰਾਵੀ ਫੌਂਟ) ’ਚ ਪਿੱਛੇ ਰਹੇ। ਵਿਭਾਗ ਨੇ ਹਦਾਇਤ ਕੀਤੀ ਹੈ ਕਿ ਅਗਲੀ ਪ੍ਰੀਖਿਆ ਲਈ ਅਰਜ਼ੀਆਂ ਸਿਰਫ਼ ਰਾਵੀ ਫੌਂਟ ਵਿੱਚ ਹੀ ਸਵੀਕਾਰ ਕੀਤੀਆਂ ਜਾਣਗੀਆਂ।