ਪੀਏਯੂ ਦੇ ਕਿਸਾਨ ਮੇਲੇ ’ਚ ਹੁਸ਼ਿਆਰਪੁਰ ਦੇ 2 ਅਗਾਂਹਵਧੂ ਕਿਸਾਨ ਸਨਮਾਨਿਤ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲੇ ‘ਚ ਹੁਸ਼ਿਆਰਪੁਰ ਦੇ 2 ਅਗਾਂਹਵਧੂ ਕਿਸਾਨ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
Publish Date: Tue, 24 Mar 2026 06:25 PM (IST)
Updated Date: Wed, 25 Mar 2026 04:05 AM (IST)

ਐਚ ਐਸ ਪੀ 33, 34 : ਪੀ.ਏ.ਯੂ. ਲੁਧਿਆਣਾ ਦੇ ਕਿਸਾਨ ਮੇਲੇ ਦੌਰਾਨ ਹੁਸ਼ਿਆਰਪੁਰ ਦੇ ਕਿਸਾਨ ਸੁਰਜੀਤ ਸਿੰਘ ਬਿੰਬ ਅਤੇ ਸੰਦੀਪ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੋਇਆ। ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹਰ ਸਾਲ ਨਵੀਆਂ ਖੇਤੀ ਤਕਨੀਕਾਂ, ਕੁਦਰਤੀ ਸਰੋਤਾਂ ਦੀ ਸੰਭਾਲ, ਬਾਗਬਾਨੀ ਤੇ ਸਹਾਇਕ ਕਿੱਤਿਆਂ ’ਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਆਯੋਜਿਤ ਕਿਸਾਨ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਭਗਵੰਤ ਸਿੰਘ ਮਾਨ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪ੍ਰਸਿੱਧ ਖੇਤੀ ਵਿਗਿਆਨੀ ਗੁਰਦੇਵ ਸਿੰਘ ਖੁਸ਼ ਤੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਅਗਾਂਹਵਧੂ ਕਿਸਾਨਾਂ ਨੂੰ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਪਿੰਡ ਬੀਰਮਪੁਰ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਬਿੰਬ ਨੂੰ ਜੈਵਿਕ ਖੇਤੀ ਅਪਣਾਉਣ ਲਈ ਸੀ.ਆਰ.ਆਈ. ਪੰਪਸ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ 2005 ’ਚ ਬੈਂਕ ਤੋਂ ਡਿਪਟੀ ਜਨਰਲ ਮੈਨੇਜਰ ਵਜੋਂ ਸੇਵਾ ਮੁਕਤੀ ਲੈਣ ਤੋਂ ਬਾਅਦ ‘ਬਿੰਬ ਨੈਚਰਲ ਫਾਰਮ’ ਸਥਾਪਤ ਕਰ ਕੇ ਰਸਾਇਣ ਮੁਕਤ ਖੇਤੀ ਨੂੰ ਪ੍ਰੋਤਸਾਹਿਤ ਕੀਤਾ। ਉਹ 15 ਏਕੜ ਜ਼ਮੀਨ ’ਤੇ ਜੈਵਿਕ ਤਰੀਕਿਆਂ ਨਾਲ ਖੇਤੀ ਕਰਦੇ ਹਨ ਅਤੇ ਬੈੱਡ ਤਕਨੀਕ ਰਾਹੀਂ ਕਮਾਦ ਦੀ ਕਾਸ਼ਤ ਨਾਲ ਅੰਤਰ ਫਸਲੀ ਵਿਧੀ ਅਧੀਨ ਆਲੂ, ਮਟਰ, ਹਲਦੀ, ਗਾਜਰ, ਲਸਣ, ਪਿਆਜ਼ ਤੇ ਰਾਜਮਾਂਹ ਦੀ ਖੇਤੀ ਕਰਦੇ ਹਨ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਤੇ ਪੋਸ਼ਕ ਤੱਤਾਂ ਦੀ ਮਾਤਰਾ ਕਾਇਮ ਰਹਿੰਦੀ ਹੈ। ਇਸੇ ਤਰ੍ਹਾਂ ਪਿੰਡ ਚੱਕ ਮੱਲਾਂ ਦੇ ਕਿਸਾਨ ਸੰਦੀਪ ਸਿੰਘ ਨੂੰ ਖੇਤੀ ਵਿੱਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਲਈ ਸੀ.ਆਰ.ਆਈ. ਪੰਪਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ 52 ਏਕੜ ਜ਼ਮੀਨ ‘ਤੇ ਖੇਤੀ ਕਰਦੇ ਹੋਏ ਪਿਛਲੇ 22 ਸਾਲਾਂ ਤੋਂ ਵਿਗਿਆਨਕ ਢੰਗ ਨਾਲ ਖੇਤੀ ਕਰ ਰਹੇ ਹਨ। ਉਹ ਪੈਡੀ ਟ੍ਰਾਂਸਪਲਾਂਟਰ, ਰੋਟਾਵੇਟਰ, ਮਲਚਰ, ਸਟ੍ਰਾਅ ਰੀਪਰ, ਪੋਟੈਟੋ ਪਲਾਂਟਰ, ਲੇਜ਼ਰ ਲੈਵਲਰ ਅਤੇ ਹੈਪੀਸੀਡਰ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਦੇ ਹਨ ਅਤੇ ਇਹ ਮਸ਼ੀਨਰੀ ਹੋਰ ਕਿਸਾਨਾਂ ਨੂੰ ਕਿਰਾਏ ‘ਤੇ ਦੇ ਕੇ ਵਾਧੂ ਆਮਦਨ ਵੀ ਕਮਾ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੋਵਾਂ ਕਿਸਾਨਾਂ ਨੂੰ ਵਧਾਈ ਦਿੰਦਿਆਂ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।