ਨਿਗਮ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਖੁੱਲ੍ਹਾ ਵਿਤਕਰਾ: ਨਿਪੁਣ ਸ਼ਰਮਾ
ਨਗਰ ਨਿਗਮ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਖੁੱਲ੍ਹਾ ਵਿਤਕਰਾ, ਭਾਜਪਾ ਕੌਂਸਲਰਾਂ ਦੀ ਅਣਦੇਖੀ ਬਰਦਾਸ਼ਤ ਨਹੀਂ: ਨਿਪੁਣ ਸ਼ਰਮਾ
Publish Date: Sun, 22 Feb 2026 07:29 PM (IST)
Updated Date: Mon, 23 Feb 2026 04:13 AM (IST)

ਭਾਜਪਾ ਕੌਂਸਲਰਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਨਗਰ ਨਿਗਮ ਵਿੱਚ ਵਿਕਾਸ ਕਾਰਜਾਂ ਦੇ ਨਾਮ ਤੇ ਸਿਆਸੀ ਪੱਖਪਾਤ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਵੱਲੋਂ ਭਾਜਪਾ ਕੌਂਸਲਰਾਂ ਦੇ ਵਾਰਡਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ, ਜ਼ਿਲ੍ਹਾ ਸਕੱਤਰ ਅਸ਼ੋਕ ਕੁਮਾਰ ਸ਼ੋਕੀ, ਮੰਡਲ ਪ੍ਰਧਾਨ ਸੰਜੂ ਅਰੋੜਾ ਅਤੇ ਕੌਂਸਲਰਾਂ ਨਰਿੰਦਰ ਕੌਰ, ਗੁਰਪ੍ਰੀਤ ਕੌਰ ਤੇ ਗੀਤਿਕਾ ਅਰੋੜਾ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਨਗਰ ਨਿਗਮ ਦੇ ਮੇਅਰ ਅਤੇ ਸਥਾਨਕ ਆਪ ਵਿਧਾਇਕ ਜਾਣਬੁੱਝ ਕੇ ਭਾਜਪਾ ਕੌਂਸਲਰਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪਾ ਰਹੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਸੜਕਾਂ, ਸੀਵਰੇਜ, ਸਫ਼ਾਈ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਕਈ ਕੰਮ ਮਹੀਨਿਆਂ ਤੋਂ ਫਾਈਲਾਂ ਵਿੱਚ ਲਟਕੇ ਹੋਏ ਹਨ ਜਾਂ ਅੱਧ ਵਿਚਕਾਰ ਰੋਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਕੌਂਸਲਰਾਂ ਦੇ ਵਾਰਡਾਂ ਵਿੱਚ ਕੰਮ ਰੁਕੇ ਹੋਏ ਹਨ, ਉੱਥੇ ਹੋਰ ਵਾਰਡਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਜਿਸ ਨਾਲ ਸਪੱਸ਼ਟ ਹੈ ਕਿ ਵਿਕਾਸ ਦੀ ਬਜਾਏ ਰਾਜਨੀਤਿਕ ਵਿਤਕਰੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਜਨ ਪ੍ਰਤੀਨਿਧੀਆਂ ਦਾ ਅਪਮਾਨ ਨਹੀਂ, ਸਗੋਂ ਉਹਨਾਂ ਹਜ਼ਾਰਾਂ ਨਾਗਰਿਕਾਂ ਨਾਲ ਵੀ ਬੇਇਨਸਾਫ਼ੀ ਹੈ ਜਿਨ੍ਹਾਂ ਨੇ ਬਿਹਤਰ ਸਹੂਲਤਾਂ ਦੀ ਉਮੀਦ ਨਾਲ ਆਪਣੇ ਪ੍ਰਤੀਨਿਧੀਆਂ ਨੂੰ ਚੁਣਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕ ਭਲਾਈ ਦੇ ਕੰਮਾਂ ਨੂੰ ਇਸੇ ਤਰ੍ਹਾਂ ਠੱਪ ਰੱਖਿਆ ਗਿਆ ਤਾਂ ਭਾਜਪਾ ਕੌਂਸਲਰ ਅਤੇ ਆਮ ਲੋਕ ਸੜਕਾਂ ‘ਤੇ ਉਤਰ ਕੇ ਜਮਹੂਰੀ ਢੰਗ ਨਾਲ ਵਿਰੋਧ ਦਰਜ ਕਰਵਾਉਣਗੇ। ਉਨ੍ਹਾਂ ਨੇ ਮੇਅਰ, ਵਿਧਾਇਕ ਅਤੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਰਾਜਨੀਤਿਕ ਦੁਰਭਾਵਨਾ ਛੱਡ ਕੇ ਸਾਰੇ ਵਾਰਡਾਂ ਵਿੱਚ ਸਮਾਨ ਤੌਰ ‘ਤੇ ਵਿਕਾਸ ਕਾਰਜ ਯਕੀਨੀ ਬਣਾਏ ਜਾਣ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਲੋਕ ਭਲਾਈ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਵਿਤਕਰੇ ਦੀ ਰਾਜਨੀਤੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।