ਸੰਯੁਕਤ ਕਿਸਾਨ ਮੋਰਚਾ ਵੱਲੋਂ ਐੱਮਪੀ ਤੇ ਐੱਮਐੱਲਏ ਦੇ ਘਰ ਅੱਗੇ ਧਰਨਾ
ਸੰਯੁਕਤ ਕਿਸਾਨ ਮੋਰਚਾ ਵੱਲੋਂ ਹੁਸ਼ਿਆਰਪੁਰ ਵਿੱਚ ਐਮ.ਪੀ. ਅਤੇ ਐਮ.ਐਲ.ਏ. ਦੇ ਘਰ ਅੱਗੇ ਧਰਨਾ
Publish Date: Sun, 22 Feb 2026 07:02 PM (IST)
Updated Date: Mon, 23 Feb 2026 04:13 AM (IST)

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ’ਤੇ ਤਿੱਖੀ ਆਲੋਚਨਾ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ‘ਤੇ ਅੱਜ ਪੂਰੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸੇ ਕੜੀ ਹੇਠ ਹੁਸ਼ਿਆਰਪੁਰ ਵਿਖੇ ਡਾ. ਰਾਜ ਕੁਮਾਰ ਸੰਸਦ ਮੈਂਬਰ ਅਤੇ ਡਾ. ਇਸ਼ਾਂਕ ਕੁਮਾਰ ਵਿਧਾਇਕ ਦੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਧਰਨਾ ਜਾਰੀ ਰੱਖਿਆ। ਧਰਨੇ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ‘ਤੇ ਤਿੱਖੀ ਆਲੋਚਨਾ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸੁਖਦੇਵ ਸਿੰਘ ਢਿੱਲੋਂ (ਜਮਹੂਰੀ ਕਿਸਾਨ ਸਭਾ), ਭੁਪਿੰਦਰ ਸਿੰਘ ਭੂੰਗਾ (ਕਿਰਤੀ ਕਿਸਾਨ ਯੂਨੀਅਨ), ਹਰਬੰਸ ਸਿੰਘ ਸੰਘਾ (ਕਿਸਾਨ ਕਮੇਟੀ ਦੋਆਬਾ ਪੰਜਾਬ), ਮਲਕੀਤ ਸਿੰਘ ਬਾਹੋਵਾਲ (ਜਮਹੂਰੀ ਕਿਸਾਨ ਸਭਾ), ਸੰਗਾਰਾ ਸਿੰਘ (ਭਾਰਤੀ ਕਿਸਾਨ ਯੂਨੀਅਨ ਉਗਰਾਹਾਂ) ਅਤੇ ਕਾਮਰੇਡ ਗੁਰਮੇਸ਼ ਸਿੰਘ (ਕੁਲ ਹਿੰਦ ਕਿਸਾਨ ਸਭਾ) ਨੇ ਕਿਹਾ ਕਿ ਪੰਜਾਬ ਸਰਕਾਰ ਖੁੱਲ੍ਹੇ ਵਪਾਰ ਦੇ ਇਕਰਾਰਨਾਮਿਆਂ ਖ਼ਿਲਾਫ਼ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਮਤਾ ਪਾਸ ਕਰੇ। ਉਨ੍ਹਾਂ ਦਲੀਲ ਦਿੱਤੀ ਕਿ ਇਹ ਸਮਝੌਤੇ ਖੇਤੀਬਾੜੀ ਅਤੇ ਦੁੱਧ ਉਤਪਾਦਨ ਖੇਤਰ ਨੂੰ ਨੁਕਸਾਨ ਪਹੁੰਚਾਉਣਗੇ। ਆਗੂਆਂ ਨੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦੀ ਪ੍ਰਕਿਰਿਆ ਤੁਰੰਤ ਰੋਕਣ ਦੀ ਮੰਗ ਵੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਲੇਬਰ ਕੋਡ ਰੱਦ ਕਰ ਕੇ ਪੁਰਾਣੇ ਮਜ਼ਦੂਰ ਕਾਨੂੰਨ ਬਹਾਲ ਕਰਨ, ਬਿਜਲੀ ਬਿੱਲ 2025 ਵਾਪਸ ਲੈਣ ਅਤੇ ਬੀਜ ਬਿੱਲ ਰੱਦ ਕਰਨ ਦੀ ਮੰਗ ਕੀਤੀ। ਅਮਰੀਕਾ ਨਾਲ ਵਪਾਰਕ ਸਮਝੌਤੇ ਨੂੰ ਲੈ ਕੇ ਵੀ ਕਿਸਾਨ ਆਗੂਆਂ ਨੇ ਚਿੰਤਾ ਜਤਾਈ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀ ਖੇਤੀ ਪ੍ਰਣਾਲੀ ਅਤੇ ਕਿਸਾਨਾਂ ਦੀ ਆਤਮਨਿਰਭਰਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਮੌਕੇ ਤਲਵਿੰਦਰ ਸਿੰਘ ਹੀਰ, ਸਿੰਗਾਰਾ ਸਿੰਘ ਮਦੀਮਪੁਰ, ਸਤਪਾਲ ਚੱਬੇਵਾਲ, ਇੰਦਰਪਾਲ ਅਰਿਹਾਣਾ, ਮੁਲਾਜ਼ਮ ਆਗੂ ਇੰਦਰਜੀਤ ਵਿਰਦੀ ਅਤੇ ਮੱਖਣ ਲੰਗੇਰੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।