ਧਨੋਆ ਪੱਤਣ ਤੋਂ ਪੇਪਰ ਮਿੱਲ ਸੰਪਰਕ ਸੜਕ ਦਾ ਨਿਰਮਾਣ ਕਾਰਜ ਸ਼ੁਰੂ
ਧਨੋਆ ਪੱਤਣ ਤੋਂ ਪੇਪਰ ਮਿੱਲ ਸੰਪਰਕ ਸੜਕ ਦਾ ਨਿਰਮਾਣ ਕਾਰਜ ਸ਼ੁਰੂ
Publish Date: Sat, 21 Feb 2026 07:28 PM (IST)
Updated Date: Sun, 22 Feb 2026 04:13 AM (IST)

ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪਿੰਡ ਧਨੋਆ ਪੱਤਣ ਤੋਂ ਪੇਪਰ ਮਿੱਲ ਮੁਕੇਰੀਆਂ ਤੱਕ ਸੰਪਰਕ ਸੜਕ ਦੀ ਮੁਰੰਮਤ ਅਤੇ ਪੀਸੀ (ਪ੍ਰੀਮਿਕਸ ਕਾਰਪੇਟ) ਪਾਉਣ ਦਾ ਕੰਮ ਆਰੰਭ ਹੋਣ ਨਾਲ ਖੇਤਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਕੰਮ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ, ਤਾਂ ਜੋ ਕੰਮ ਦੀ ਗੁਣਵੱਤਾ ਅਤੇ ਮਿਆਰ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਸਮੇਂ ਉਪ ਮੰਡਲ ਇੰਜੀਨੀਅਰ ਪਰਮਿੰਦਰ ਸਿੰਘ ਅਤੇ ਸਹਾਇਕ ਇੰਜੀਨੀਅਰ ਅਮਰਜੀਤ ਸਿੰਘ ਆਪਣੀ ਤਕਨੀਕੀ ਟੀਮ ਅਤੇ ਠੇਕੇਦਾਰ ਦੇ ਕਰਿੰਦਿਆਂ ਸਮੇਤ ਮੌਕੇ ‘ਤੇ ਮੌਜ਼ੂਦ ਰਹੇ। ਅਧਿਕਾਰੀਆਂ ਨੇ ਸੜਕ ‘ਤੇ ਪਾਏ ਜਾ ਰਹੇ ਮਟੀਰੀਅਲ ਦੀ ਗੁਣਵੱਤਾ, ਮਾਪਦੰਡਾਂ ਅਤੇ ਕੰਮ ਦੀ ਪ੍ਰਕਿਰਿਆ ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਨੇ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਸਾਰਾ ਕੰਮ ਨਿਰਧਾਰਤ ਮਿਆਰਾਂ ਅਨੁਸਾਰ ਹੀ ਕੀਤਾ ਜਾਵੇ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਚਲਦੇ ਕੰਮ ਦੀ ਨਿਗਰਾਨੀ ਕਰਨ ਅਤੇ ਜੇ ਕਿਸੇ ਕਿਸਮ ਦੀ ਕਮੀ ਜਾਂ ਸਮੱਸਿਆ ਨਜ਼ਰ ਆਵੇ ਤਾਂ ਤੁਰੰਤ ਵਿਭਾਗ ਦੇ ਧਿਆਨ ਵਿੱਚ ਲਿਆਉਣ, ਤਾਂ ਜੋ ਸੜਕ ਨੂੰ ਲੰਬੇ ਸਮੇਂ ਤੱਕ ਟਿਕਾਊ ਅਤੇ ਸੁਵਿਧਾਜਨਕ ਬਣਾਇਆ ਜਾ ਸਕੇ। ਇਸ ਦੌਰਾਨ ਮੌਕੇ ‘ਤੇ ਹਾਜ਼ਰ ਪਿੰਡ ਵਾਸੀਆਂ ਇੰਜੀਨੀਅਰ ਸਤਨਾਮ ਸਿੰਘ ਧਨੋਆ, ਹਰਪਾਲ ਸਿੰਘ, ਦਿਲਾਵਰ ਸਿੰਘ ਆਦਿ ਨੇ ਚੱਲ ਰਹੇ ਕੰਮ ‘ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਵੱਲੋਂ ਕੁੱਝ ਤਕਨੀਕੀ ਅਤੇ ਸਥਾਨਕ ਮੁਸ਼ਕਲਾਂ ਵੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ, ਜਿਨ੍ਹਾਂ ਦਾ ਜਲਦੀ ਹਲ ਕਰਨ ਦਾ ਭਰੋਸਾ ਅਧਿਕਾਰੀਆਂ ਨੇ ਦਿੱਤਾ। ਪਿੰਡ ਵਾਸੀਆਂ ਨੇ ਆਸ ਪ੍ਰਗਟਾਈ ਕਿ ਇਹ ਸੜਕ ਤਿਆਰ ਹੋਣ ਨਾਲ ਆਵਾਜਾਈ ਸੁਚਾਰੂ ਰੂਪ ਨਾਲ ਚਲ ਸਕੇਗੀ ਅਤੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵੱਡੀ ਰਾਹਤ ਮਿਲੇਗੀ।