ਅਧਿਆਪਕਾਂ ਨੇ ਦਿੱਤਾ ਵਿਧਾਇਕ ਰਾਜਾ ਨੂੰ ਮੰਗ-ਪੱਤਰ
'ਟੈੱਟ' ਦੀ ਸ਼ਰਤ ਹਟਾਉਣ ਲਈ ਅਧਿਆਪਕਾਂ ਦਿੱਤਾ ਵਿਧਾਇਕ ਰਾਜਾ ਨੂੰ ਮੰਗ ਪੱਤਰ
Publish Date: Sat, 21 Feb 2026 07:14 PM (IST)
Updated Date: Sun, 22 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਪੰਜਾਬ ਸਰਕਾਰ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ ਤੋਂ ਪਹਿਲਾ ਨਿਯੁਕਤ ਹੋਏ ਅਧਿਆਪਕਾਂ ਉੱਪਰ ਟੀਈਟੀ ਦੀ ਲੱਗੀ ਸ਼ਰਤ ਨੂੰ ਹਟਾਉਣ ਲਈ ਅਧਿਆਪਕ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਕਾਜਲ, ਸਰਪ੍ਰਸਤ ਹਰਭਜਨ ਸਿੰਘ ਬੈਰਮਪੁਰ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਡੀਟੀਐੱਫ਼ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਬਲਾਕ ਪ੍ਰਧਾਨ ਦਲਜੀਤ ਸਿੰਘ ਮੂਨਕ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੀਪੀਪੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਅਤੇ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਬੁੱਢੀ ਪਿੰਡ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨਾਲ਼ ਉਨ੍ਹਾਂ ਦੀ ਟਾਂਡਾ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਬੋਲਦਿਆਂ ਅਧਿਆਪਕ ਆਗੂਆਂ ਨੇ ਵਿਧਾਇਕ ਰਾਜਾ ਗਿੱਲ ਨੂੰ ਦੱਸਿਆ ਕਿ ਸਿੱਖਿਆ ਅਧਿਕਾਰ ਕਾਨੂੰਨ ਤਹਿਤ ਪਹਿਲੀ ਵਾਰ ਸਾਲ 2011 ਵਿੱਚ ਸ਼ੁਰੂ ਕੀਤੇ ਗਏ ਟੀਈਟੀ ਨੂੰ ਉਸ ਤੋਂ ਪਹਿਲਾਂ ਦੀਆਂ ਭਰਤੀਆਂ ਤੇ ਥੋਪਣਾ ਬਿਲਕੁਲ ਗਲਤ ਹੈ, ਕਿਉਂਕਿ ਭਰਤੀ ਤੋਂ ਪਹਿਲਾਂ ਟੈੱਟ ਪਾਸ ਕਰਨ ਦੀ ਸ਼ਰਤ ਦੇ ਹੋਣ ਦਾ ਮਤਲਬ ਉਨ੍ਹਾਂ ਦੇ ਅਧਿਆਪਕ ਬਣਨ ਦੀ ਯੋਗਤਾ ਦੀ ਪ੍ਰੀਖਿਆ ਹੈ। ਉਨ੍ਹਾਂ ਦੱਸਿਆ ਕਿ ਦਹਾਕਿਆਂ ਤੋਂ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਅਧਿਆਪਕਾਂ ਦੀ ਅਜਿਹੀ ਪ੍ਰੀਖਿਆ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਹੈ। ਉਨ੍ਹਾਂ ਦੱਸਿਆ ਕਿ 2011 ਤੋਂ ਪਹਿਲ਼ਾਂ ਭਰਤੀ ਹੋਏ ਅਧਿਆਪਕ ਉਸ ਵੇਲੇ ਪ੍ਰੀਖਿਆ ਟੈਸਟ ਦੇ ਚੁੱਕੇ ਹਨ ਤੇ ਮੈਰਿਟ ਅਧਾਰਿਤ ਮਾਪਦੰਡਾਂ ਵਿੱਚ ਚੁਣੇ ਜਾਣ ਉਪਰੰਤ ਹੀ ਨੌਕਰੀਆਂ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਕਦੇ ਵੀ ਪਹਿਲਾਂ ਦੀਆਂ ਭਰਤੀਆਂ ਦੇ ਅਧਿਆਪਕਾਂ ਸਬੰਧੀ ਟੀਈਟੀ ਪਾਸ ਕਰਨ ਦੀ ਕੋਈ ਸ਼ਰਤ ਨਹੀਂ ਲਗਾਈ, ਹੁਣ ਤਰੱਕੀਆਂ ਮੌਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਇਸ ਸ਼ਰਤ ਨੂੰ ਇੱਕਦਮ ਲਿਆਉਣਾ ਗੈਰ ਵਾਜਬ ਹੈ। ਆਗੂਆਂ ਵਲੋਂ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਅਧਿਆਪਕ ਵਿਰੋਧੀ ਫੈਸਲੇ ਨੂੰ ਤਬਦੀਲ ਕਰਵਾਉਣ ਲਈ ਪੰਜਾਬ ਸਰਕਾਰ ਇਸ ਮਸਲੇ ਵਿੱਚ ਦਖ਼ਲ ਅੰਦਾਜ਼ੀ ਕਰਕੇ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਲਵੇ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਅਧਿਆਪਕਾਂ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਓਹ ਅਧਿਆਪਕਾਂ ਦੀਆਂ ਟੈੱਟ ਪ੍ਰਤੀ ਮੰਗਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਪੱਤਰ ਲਿਖਣਗੇ ਅਤੇ ਵਿਧਾਨ ਸਭਾ ਦੇ ਆਉਂਦੇ ਸੈਸ਼ਨ ਵਿੱਚ ਵੀ ਇਹ ਮੁੱਦਾ ਚੁੱਕਣਗੇ। ਇਸ ਮੌਕੇ ਵਰਿੰਦਰ ਸੈਣੀ ਤੱਲਾ ਮੱਦਾ, ਹਰਪਾਲ ਸਿੰਘ ਗੁਰਾਇਆ, ਹਰਦੀਪ ਸਿੰਘ ਮੋਹਕਮਗੜ੍ਹ, ਸੁਖਵੀਰ ਸਿੰਘ ਅਹੀਆਪੁਰ, ਰਵਿੰਦਰਜੀਤ ਸਿੰਘ ਹਰਸੀ ਪਿੰਡ, ਵਰਿੰਦਰ ਸਿੰਘ ਢਡਿਆਲਾ, ਪਰਮਜੀਤ ਸਿੰਘ ਕੰਧਾਲਾ ਜੱਟਾਂ, ਮਨਿੰਦਰ ਸਿੰਘ ਟਾਂਡਾ, ਜਸਵਿੰਦਰ ਝਿੰਗੜ, ਗੁਰਵਿੰਦਰ ਸਿੰਘ ਪੰਨੂ, ਨਿਰਮਲ ਸਿੰਘ ਨਿਹਾਲਪੁਰ, ਸੰਦੀਪ ਸਿੰਘ, ਗੁਰਦੀਪ ਸਿੰਘ, ਪਰਦੀਪ ਸਿੰਘ ਅਤੇ ਅਨੁਰਾਗ ਅਰੋੜਾ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।