ਤੜਕਸਾਰ ਲੁੱਟ-ਖੋਹ ਦੀ ਵਾਰਦਾਤ, ਇਲਾਕੇ ’ਚ ਸਹਿਮ ਦਾ ਮਾਹੌਲ
ਪਿੰਡ ਚਨੌਰ ਵਿੱਚ ਤੜਕਸਾਰ ਲੁੱਟ-ਖੋਹ ਦੀ ਵਾਰਦਾਤ, ਇਲਾਕੇ ਵਿੱਚ ਸਹਿਮ ਦਾ ਮਾਹੌਲ
Publish Date: Fri, 20 Feb 2026 06:39 PM (IST)
Updated Date: Sat, 21 Feb 2026 04:10 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਨੇੜਲੇ ਪਿੰਡ ਚਨੌਰ ਵਿੱਚ ਤੜਕੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਤੇਜ਼ ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਘਰ ਦੀ ਮਾਲਕਣ ਬੀਬੀ ਬਲਜੀਤ ਕੌਰ ਜ਼ਖ਼ਮੀ ਹੋ ਗਈ। ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਈ ਬੀਬੀ ਬਲਜੀਤ ਕੌਰ ਪਤਨੀ ਧਰਮ ਸਿੰਘ ਵਾਸੀ ਪਿੰਡ ਚਨੌਰ ਨੇ ਦੱਸਿਆ ਕਿ ਸਵੇਰੇ ਕਰੀਬ ਸਵਾ ਚਾਰ ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਜਾਣ ਲਈ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਰਾਤ ਦੇ ਹਨੇਰੇ ਦੀ ਆੜ ਲੈ ਕੇ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਪਹਿਲਾਂ ਤੋਂ ਤਾਕ ਵਿੱਚ ਬੈਠੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਚਾਰ ਤੋਂ ਪੰਜ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਨੂੰ ਗ੍ਰਿਫ਼ਤ ਵਿੱਚ ਲੈ ਲਿਆ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ’ਤੇ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਘਰ ਵਿੱਚ ਪਿਆ ਸਾਰਾ ਸਮਾਨ ਹਵਾਲੇ ਕਰਨ ਦੀ ਧਮਕੀ ਦਿੱਤੀ। ਬਲਜੀਤ ਕੌਰ ਮੁਤਾਬਕ, ਘਟਨਾ ਸਮੇਂ ਘਰ ਵਿੱਚ ਉਨ੍ਹਾਂ ਦੀ ਨੂੰਹ ਅਤੇ ਪੋਤੀ ਵੀ ਮੌਜੂਦ ਸਨ, ਜੋ ਅਚਾਨਕ ਵਾਪਰੀ ਇਸ ਵਾਰਦਾਤ ਕਾਰਨ ਬੁਰੀ ਤਰ੍ਹਾਂ ਸਹਿਮ ਗਈਆਂ। ਪੀੜਤ ਬੀਬੀ ਨੇ ਦੱਸਿਆ ਕਿ ਲੁਟੇਰੇ ਘਰ ਵਿੱਚੋਂ ਤਿੰਨ ਮੋਬਾਇਲ ਫ਼ੋਨ, ਕਰੀਬ 50 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀ ਚੇਨ-ਲੌਕਟ ਤੇ ਬਾਲੀਆਂ ਲੈ ਕੇ ਘਰ ਨਾਲ ਲੱਗਦੇ ਖੇਤਾਂ ਵੱਲ ਫਰਾਰ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਨੌਕਰੀ ਕਰਦਾ ਹੈ ਜਦਕਿ ਪੋਤਾ ਅੰਮ੍ਰਿਤਸਰ ਵਿੱਚ ਪੜ੍ਹਾਈ ਕਰ ਰਿਹਾ ਹੈ ਅਤੇ ਵਾਰਦਾਤ ਸਮੇਂ ਘਰ ਵਿੱਚ ਸਿਰਫ਼ ਔਰਤਾਂ ਹੀ ਮੌਜ਼ੂਦ ਸਨ। ਬਲਜੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਮੌਜ਼ੂਦ ਕੁੱਤੇ ਨੂੰ ਲੁਟੇਰਿਆਂ ਵੱਲੋਂ ਮੀਟ ਦੇ ਟੁੱਕੜੇ ਪਾਏ ਹੋਏ ਮਿਲੇ ਹਨ, ਜਿਸ ਕਾਰਨ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲੁਟੇਰੇ ਪੂਰੀ ਤਰ੍ਹਾਂ ਤਿਆਰੀ ਨਾਲ ਆਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਲੁੱਟ-ਖੋਹ ਦੀ ਵਾਰਦਾਤ ਤੋਂ ਬਾਅਦ ਪਿੰਡ ਚਨੌਰ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।