ਰੋਟਰੀ ਕਲੱਬ ਮਿਡਟਾਊਨ ਵੱਲੋਂ 18 ਨੇਤਰਹੀਣਾਂ ਦੇ ਮੁਫ਼ਤ ਆਪ੍ਰੇਸ਼ਨ
ਹਨੇਰੇ ਤੋਂ ਰੌਸ਼ਨੀ ਵੱਲ: ਰੋਟਰੀ ਕਲੱਬ ਹੁਸ਼ਿਆਰਪੁਰ ਮਿਡਟਾਊਨ ਵੱਲੋਂ 18 ਨੇਤ੍ਰਹੀਨਾਂ ਦੇ ਮੁਫ਼ਤ ਓਪਰੇਸ਼ਨ
Publish Date: Fri, 20 Feb 2026 04:42 PM (IST)
Updated Date: Sat, 21 Feb 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੇਵਾ ਤੇ ਸਮਰਪਣ ਦੀ ਮਿਸਾਲ ਕਾਇਮ ਕਰਦਿਆਂ ਰੋਟਰੀ ਕਲੱਬ ਹੁਸ਼ਿਆਰਪੁਰ ਮਿਡਟਾਊਨ ਨੇ ਜਨਵਰੀ ਮਹੀਨੇ ਦੌਰਾਨ 18 ਕੋਰਨੀਆਲ ਬਲਾਈਂਡ ਮਰੀਜ਼ਾਂ ਦੇ ਸਫਲ ਓਪਰੇਸ਼ਨ ਕਰਵਾ ਕੇ ਉਨ੍ਹਾਂ ਨੂੰ ਨਵੀਂ ਰੌਸ਼ਨੀ ਬਖ਼ਸ਼ੀ। ਸਾਰੇ ਓਪਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਕਰਵਾਏ ਗਏ ਅਤੇ ਇਲਾਜ ਦੌਰਾਨ ਲੋੜੀਂਦੀਆਂ ਦਵਾਈਆਂ ਵੀ ਬਿਨਾਂ ਕਿਸੇ ਖਰਚੇ ਦੇ ਪ੍ਰਦਾਨ ਕੀਤੀਆਂ ਗਈਆਂ। ਇਸ ਮਨੁੱਖਤਾ ਭਰੇ ਉਪਰਾਲੇ ’ਚ ਕਲੱਬ ਨੂੰ ਰੋਟਰੀ ਕਲੱਬ ਪਲਨੋ ਮੈਟਰੋ (ਅਮਰੀਕਾ) ਵੱਲੋਂ ਲਗਾਤਾਰ ਸਹਿਯੋਗ ਮਿਲ ਰਿਹਾ ਹੈ। ਵਿਦੇਸ਼ੀ ਸਹਾਇਤਾ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਨੇ ਕਿਹਾ ਕਿ ਕਲੱਬ ਦਾ ਮਕਸਦ ਹੈ ਕਿ ਕੋਈ ਵੀ ਜ਼ਰੂਰਤਮੰਦ ਵਿਅਕਤੀ ਸਿਰਫ਼ ਪੈਸਿਆਂ ਦੀ ਕਮੀ ਕਾਰਨ ਅੱਖਾਂ ਦੀ ਰੌਸ਼ਨੀ ਤੋਂ ਵੰਚਿਤ ਨਾ ਰਹੇ। ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਵਿੱਚ 18 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕਲੱਬ ਲਈ ਮਾਣ ਦੀ ਗੱਲ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਅਭਿਆਨ ਜਾਰੀ ਰਹੇਗਾ। ਸੀਨੀਅਰ ਮੈਂਬਰ ਮਨੋਜ ਓਹਰੀ ਨੇ ਦੱਸਿਆ ਕਿ ਕੋਰਨੀਆ ਨਾਲ ਸੰਬੰਧਿਤ ਸਮੱਸਿਆ ਵਾਲੇ ਯੋਗ ਮਰੀਜ਼ ਕਲੱਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਕਰਵਾਇਆ ਜਾਵੇਗਾ। ਇਸ ਮੌਕੇ ਸਮਾਜ-ਸੇਵੀ ਵਰਿੰਦਰ ਸਿੰਘ ਮਸਤੀ, ਜੋ ਪਿੰਡਾਂ ਵਿੱਚ ਸਾਈਕਲ ਰਾਹੀਂ ਜਾ ਕੇ ਨੇਤ੍ਰਦਾਨ ਅਤੇ ਅੱਖਾਂ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਂਦੇ ਹਨ, ਨੂੰ ਕਲੱਬ ਵੱਲੋਂ ਨਵੀਂ ਸਾਈਕਲ ਭੇਟ ਕੀਤੀ ਗਈ। ਨਾਲ ਹੀ ਉਨ੍ਹਾਂ ਨੂੰ ਟਾਂਡਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਨਿਯੁਕਤੀ ਪੱਤਰ ਵੀ ਦਿੱਤਾ ਗਿਆ ਤਾਂ ਜੋ ਜਾਗਰੂਕਤਾ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਪ੍ਰੋਗਰਾਮ ਵਿੱਚ ਕਲੱਬ ਦੇ ਸਕੱਤਰ ਇੰਦਰਪਾਲ ਸਿੰਘ ਸਚਦੇਵਾ ਸਮੇਤ ਕਈ ਮੈਂਬਰ ਮੌਜੂਦ ਸਨ। ਕਲੱਬ ਨੇ ਸਮਾਜ ਨੂੰ ਨੇਤ੍ਰਦਾਨ ਪ੍ਰਤੀ ਜਾਗਰੂਕ ਹੋਣ ਅਤੇ ਇਸ ਪੁਨੀਤ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।