ਪ੍ਰਦੀਪ ਕੁਮਾਰ ਸੈਣੀ ਵੱਲੋਂ ਮੁਕੇਰੀਆਂ ਬਾਰ ਐਸੋਸੀਏਸ਼ਨ ਦਾ ਦੌਰਾ
ਪ੍ਰਦੀਪ ਕੁਮਾਰ ਸੈਣੀ ਵੱਲੋਂ ਮੁਕੇਰੀਆਂ ਬਾਰ ਐਸੋਸੀਏਸ਼ਨ ਦਾ ਦੌਰਾ
Publish Date: Thu, 19 Feb 2026 05:54 PM (IST)
Updated Date: Fri, 20 Feb 2026 04:07 AM (IST)

ਵਕੀਲ ਭਾਈਚਾਰੇ ਨੂੰ ਸਮਰਥਨ ਦੀ ਕੀਤੀ ਅਪੀਲ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਚੋਣੀ ਸਰਗਰਮੀਆਂ ਤਹਿਤ ਬਾਰ ਕੌਂਸਲ ਦੇ ਉਮੀਦਵਾਰ ਐਡਵੋਕੇਟ ਪ੍ਰਦੀਪ ਕੁਮਾਰ ਸੈਣੀ ਨੇ ਮੁਕੇਰੀਆਂ ਬਾਰ ਐਸੋਸੀਏਸ਼ਨ ਦਾ ਦੌਰਾ ਕਰਕੇ ਵਕੀਲ ਭਾਈਚਾਰੇ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਆਪਣੇ ਹੱਕ ਵਿੱਚ ਸਮਰਥਨ ਦੀ ਅਪੀਲ ਕੀਤੀ। ਉਨ੍ਹਾਂ ਦੇ ਮੁਕੇਰੀਆਂ ਪੁੱਜਣ ’ਤੇ ਮੁਕੇਰੀਆਂ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਐਡਵੋਕੇਟ ਟੀਕਮਪਾਲ ਸਿੰਘ ਸੈਣੀ ਧਨੋਆ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਐਡਵੋਕੇਟ ਟੀਕਮਪਾਲ ਸਿੰਘ ਸੈਣੀ ਨੇ ਦੱਸਿਆ ਕਿ ਐਡਵੋਕੇਟ ਪ੍ਰਦੀਪ ਕੁਮਾਰ ਸੈਣੀ ਆਪਣੇ ਸੁਚੱਜੇ ਵਿਹਾਰ, ਮਿੱਠੇ ਸੁਭਾਅ ਅਤੇ ਪ੍ਰਭਾਵਸ਼ਾਲੀ ਕਾਰਜਸ਼ੈਲੀ ਲਈ ਵਕੀਲ ਭਾਈਚਾਰੇ ਵਿਚ ਵਿਸ਼ੇਸ਼ ਪਛਾਣ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਐਡਵੋਕੇਟ ਸੈਣੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ 9 ਵਾਰ ਪ੍ਰਧਾਨ ਰਹਿ ਚੁੱਕੇ ਹਨ, ਜੋ ਉਨ੍ਹਾਂ ਦੇ ਤਜਰਬੇ ਅਤੇ ਅਗਵਾਈ ਕਰਨ ਦੀ ਸਮਰੱਥਾ ਦਾ ਸਪੱਸ਼ਟ ਸਬੂਤ ਹੈ। ਵਕੀਲਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪ੍ਰਦੀਪ ਕੁਮਾਰ ਸੈਣੀ ਨੇ ਕਿਹਾ ਕਿ ਉਹ ਵਕੀਲ ਭਾਈਚਾਰੇ ਨੂੰ ਦਰਪੇਸ਼ ਪ੍ਰਸ਼ਾਸਨਿਕ, ਪੇਸ਼ੇਵਰ ਅਤੇ ਸੰਸਥਾਗਤ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਉਹ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀ ਚੋਣ ਜਿੱਤਦੇ ਹਨ, ਤਾਂ ਵਕੀਲਾਂ ਦੀਆਂ ਮੰਗਾਂ, ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਕਰਨਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੋਵੇਗੀ। ਅਦਾਲਤੀ ਕੰਮਕਾਜ ਦੌਰਾਨ ਵਕੀਲਾਂ ਨੂੰ ਆਉਂਦੀਆਂ ਪ੍ਰਸ਼ਾਸਨਿਕ ਦਿੱਕਤਾਂ ਦੇ ਨਿਪਟਾਰੇ ਲਈ ਉਹ ਸੰਬੰਧਤ ਅਧਿਕਾਰੀਆਂ ਨਾਲ ਤਾਲਮੇਲ ਬਿਠਾ ਕੇ ਪਹਿਲ ਦੇ ਆਧਾਰ ’ਤੇ ਕਾਰਵਾਈ ਯਕੀਨੀ ਬਣਾਉਣਗੇ। ਇਸ ਮੌਕੇ ਐਡਵੋਕੇਟ ਅੰਮ੍ਰਿਤਪਾਲ ਸਿੰਘ, ਸਾਬਕਾ ਪ੍ਰਧਾਨ ਐਡਵੋਕੇਟ ਸੂਰਜ ਮੋਹਨ ਪਰਾਸ਼ਰ, ਐਡਵੋਕੇਟ ਦਿਲਦਾਰ ਸਿੰਘ, ਐਡਵੋਕੇਟ ਵਰੁਣ ਵਾਲੀਆ, ਐਡਵੋਕੇਟ ਅਰੁਣ ਸ਼ਰਮਾ, ਐਡਵੋਕੇਟ ਸੁਭਾਸ਼ ਸ਼ਰਮਾ, ਪ੍ਰੇਮ ਕੁਮਾਰ ਕਲਰਕ, ਐਡਵੋਕੇਟ ਸੁੱਚਾ ਸਿਘ ਸਮੇਤ ਵੱਡੀ ਗਿਣਤੀ ਸੀਨੀਅਰ ਅਤੇ ਜੂਨੀਅਰ ਵਕੀਲ ਮੌਜੂਦ ਸਨ, ਜਿਨ੍ਹਾਂ ਨੇ ਐਡਵੋਕੇਟ ਪ੍ਰਦੀਪ ਕੁਮਾਰ ਸੈਣੀ ਦੀਆਂ ਦਲੀਲਾਂ ਅਤੇ ਕਾਰਜਸ਼ੈਲੀ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਸਮਰਥਨ ਕਰਨ ਦਾ ਭਰੋਸਾ ਦਿੱਤਾ।