ਹੜ੍ਹ ਪੀੜ੍ਹਤਾਂ ਲਈ 1.32 ਕਰੋੜ ਰੁਪਏ ਦੀ ਰਾਹਤ ਗ੍ਰਾਂਟ ਜਾਰੀ : ਡਾ. ਇਸ਼ਾਂਕ
ਚੱਬੇਵਾਲ ਦੇ ਹੜ੍ਹ ਪੀੜ੍ਹਤ ਪਰਿਵਾਰਾਂ ਲਈ 1.32 ਕਰੋੜ ਰੁਪਏ ਦੀ ਰਾਹਤ ਗ੍ਰਾਂਟ ਜਾਰੀ — ਡਾ. ਇਸ਼ਾਂਕ
Publish Date: Thu, 19 Feb 2026 05:28 PM (IST)
Updated Date: Fri, 20 Feb 2026 04:07 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਬਾਂਹ ਫੜਦਿਆਂ ਅੱਜ ਚੱਬੇਵਾਲ ਹਲਕੇ ਵਿੱਚ ਵੱਡੀ ਰਾਹਤ ਰਾਸ਼ੀ ਜਾਰੀ ਕੀਤੀ ਗਈ। ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਅੱਜ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ 1.32 ਕਰੋੜ ਰੁਪਏ ਦੀ ਰਾਹਤ ਗ੍ਰਾਂਟ ਦੇ ਮਨਜ਼ੂਰੀ ਪੱਤਰ ਲਾਭਪਾਤਰੀਆਂ ਨੂੰ ਸੌਂਪੇ। ਜਾਣਕਾਰੀ ਦਿੰਦਿਆਂ ਡਾ. ਇਸ਼ਾਂਕ ਨੇ ਦੱਸਿਆ ਕਿ ਚੱਬੇਵਾਲ ਦੇ 24 ਪਿੰਡਾਂ ਦੇ 183 ਪਰਿਵਾਰਾਂ ਨੂੰ ਇਹ ਆਰਥਿਕ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਜੋ ਹਰ ਔਖੀ ਘੜੀ ਵਿੱਚ ਆਪਣੇ ਨਾਗਰਿਕਾਂ ਦੇ ਨਾਲ ਖੜ੍ਹੀ ਹੈ। ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਹੜ੍ਹ ਦਾ ਸਮਾਂ ਸਭ ਲਈ ਬਹੁਤ ਮੁਸ਼ਕਲ ਸੀ ਅਤੇ ਸਰਕਾਰ ਵੱਲੋਂ ਇਹ ਰਕਮ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਤੇ ਜੀਵਨ ਦੇ ਪੁਨਰ-ਨਿਰਮਾਣ ਲਈ ਜਾਰੀ ਕੀਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਹਰ ਲੋੜ ਵੇਲੇ ਲੋਕਾਂ ਦੇ ਨਾਲ ਖੜ੍ਹੀ ਹੈ। ਲਾਭਪਾਤਰੀਆਂ ਨੇ ਸਰਕਾਰ ਅਤੇ ਆਪਣੇ ਲੋਕ ਪ੍ਰਤੀਨਿਧੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਆਰਥਿਕ ਸਹਾਇਤਾ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ’ਚ ਵੱਡੀ ਮਦਦ ਸਾਬਤ ਹੋਵੇਗੀ। ਪਿੰਡ ਅਹਿਰਾਣਾ ਦੇ ਚੰਚਲ ਸਿੰਘ ਨੇ ਸਾਰੇ ਲਾਭਪਾਤਰੀ ਪਰਿਵਾਰਾਂ ਵੱਲੋਂ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ।