ਉਸਮਾਨ ਸ਼ਹੀਦ ਵਿਖੇ ਦੋ ਦਿਨਾਂ ਕਿਸਾਨ ਜਾਗਰੂਕਤਾ ਕੈਂਪ
ਉਸਮਾਨ ਸ਼ਹੀਦ ਵਿਖੇ ਦੋ ਦਿਨਾਂ ਕਿਸਾਨ ਜਾਗਰੂਕਤਾ ਕੈਂਪ, ਗੰਨੇ ਦੀ ਉਤਪਾਦਕਤਾ ਵਧਾਉਣ ‘ਤੇ ਜ਼ੋਰ
Publish Date: Thu, 19 Feb 2026 04:45 PM (IST)
Updated Date: Fri, 20 Feb 2026 04:04 AM (IST)

ਗੰਨੇ ਦੀ ਉਤਪਾਦਕਤਾ ਵਧਾਉਣ ’ਤੇ ਦਿੱਤਾ ਜ਼ੋਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵੱਲੋਂ ‘ਕ੍ਰਿਸ਼ੀ ਉੱਨਤੀ ਯੋਜਨਾ’ ਤਹਿਤ ਪਿੰਡ ਉਸਮਾਨ ਸ਼ਹੀਦ ਵਿਖੇ ਦੋ ਰੋਜ਼ਾ ਕਿਸਾਨ ਜਾਗਰੂਕਤਾ ਤੇ ਸਿਖਲਾਈ ਕੈਂਪ ਲਗਾਇਆ ਗਿਆ। ਏ.ਬੀ. ਸ਼ੂਗਰ ਮਿੱਲ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਮੁੱਖ ਮਕਸਦ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾ ਕੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਸੀ। ਇਹ ਕੈਂਪ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ ਜਲੰਧਰ ਦੀ ਅਗਵਾਈ ਹੇਠ ਲਗਾਇਆ ਗਿਆ। ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਕੈਂਪ ਦੌਰਾਨ ਡਾ. ਗੁਰਚਰਨ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਜਲੰਧਰ, ਡਾ. ਗੁਲਜਾਰ ਸਿੰਘ ਸੰਘੇੜਾ ਡਾਇਰੈਕਟਰ ਗੰਨਾ ਖੋਜ ਕੇਂਦਰ ਕਪੂਰਥਲਾ, ਡਾ. ਰਕੇਸ਼ ਕੁਮਾਰ ਕੀਟ ਵਿਗਿਆਨੀ, ਡਾ. ਚਰਨਜੀਤ ਕੌਰ ਫ਼ਸਲ ਵਿਗਿਆਨੀ ਅਤੇ ਡਾ. ਇੰਦਰਾ ਦੇਵੀ ਫਾਰਮ ਸਲਾਹਕਾਰ ਕੇਂਦਰ ਗੰਗੀਆਂ ਵੱਲੋਂ ਕਿਸਾਨਾਂ ਨੂੰ ਗੰਨੇ ਦੀਆਂ ਆਧੁਨਿਕ ਕਾਸ਼ਤ ਤਕਨੀਕਾਂ, ਕੀੜੇ-ਮਕੌੜਿਆਂ ਦੀ ਰੋਕਥਾਮ, ਰੋਗ ਪ੍ਰਬੰਧਨ, ਅੰਤਰ-ਫਸਲੀ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਕੇਂਦਰੀ ਪ੍ਰਯੋਜਿਤ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵਧਾ ਕੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਲਈ ਪ੍ਰਦਰਸ਼ਨੀ ਪਲਾਟ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨਾ ਇੱਕ ਅਹੰਮ ਨਕਦੀ ਫ਼ਸਲ ਹੈ ਜੋ ਮੌਸਮੀ ਪ੍ਰਭਾਵਾਂ ਨੂੰ ਸਹਿ ਕੇ ਵੀ ਕਿਸਾਨਾਂ ਨੂੰ ਆਮਦਨ ਪ੍ਰਦਾਨ ਕਰਦੀ ਹੈ। ਡਾ. ਯਸ਼ਪਾਲ ਖੇਤੀਬਾੜੀ ਅਫਸਰ ਟ੍ਰੇਨਿੰਗ ਹੁਸ਼ਿਆਰਪੁਰ ਨੇ ਦੱਸਿਆ ਕਿ ਗੰਨੇ ਦੀ ਚੌੜੀ ਵਿੱਥ ਵਿਧੀ ਅਪਣਾ ਕੇ ਉਤਪਾਦਕਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਵਿਧੀ ਤਹਿਤ ਗੰਨੇ ਦੀ ਬਿਜਾਈ 4-5 ਫੁੱਟ ਦੂਰੀ ਵਾਲੀਆਂ ਲਾਈਨਾਂ ਵਿੱਚ ਕੀਤੀ ਜਾਂਦੀ ਹੈ, ਜਿਸ ਨਾਲ ਫ਼ਸਲ ਨੂੰ ਵਧੇਰੇ ਰੌਸ਼ਨੀ ਅਤੇ ਹਵਾ ਮਿਲਦੀ ਹੈ ਅਤੇ ਪੈਦਾਵਾਰ ਵਧਦੀ ਹੈ। ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਗੰਨੇ ਵਿੱਚ ਝੋਨੇ ਦੀ ਪਰਾਲੀ ਖਿਲਾਰਨ ਨਾਲ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਅ ਅਤੇ ਪਾਣੀ-ਖਾਦਾਂ ਦੀ ਬਚਤ ਹੋ ਸਕਦੀ ਹੈ। ਡਾ. ਗੁਰਪ੍ਰਤਾਪ ਸਿੰਘ ਫ਼ਸਲ ਵਿਗਿਆਨੀ ਕੇਵੀਕੇ ਬਾਹੋਵਾਲ ਨੇ ਦੱਸਿਆ ਕਿ ਪਤਝੜ ਰੁੱਤ ਦੀ ਗੰਨੇ ਦੀ ਫ਼ਸਲ ਤੋਂ ਵਧੇਰੇ ਲਾਭ ਲਈ ਅੰਤਰ ਫ਼ਸਲਾਂ ਜਿਵੇਂ ਕਣਕ, ਸਰੋਂ, ਸਬਜ਼ੀਆਂ ਅਤੇ ਦਾਲਾਂ ਦੀ ਕਾਸ਼ਤ ਜ਼ਰੂਰੀ ਹੈ। ਇਸ ਮੌਕੇ ਡਾ. ਅਮੋਲਪ੍ਰੀਤ ਕੌਰ ਅਤੇ ਡਾ. ਨਵਜੋਤ ਭਾਟੀਆ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਜਨਰਲ ਮੈਨੇਜਰ ਏ ਬੀ ਖੰਡ ਮਿੱਲ ਦਸੂਆ ਪੰਕਜ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਬਕਾਇਆ ਗੰਨੇ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਮਿਲ ਦੀ ਪੀੜ੍ਹਨ ਸਮਰੱਥਾ ਵਧਣ ਕਾਰਨ ਕਿਸਾਨ ਵੱਧ ਤੋਂ ਵੱਧ ਰਕਬਾ ਗੰਨੇ ਹੇਠ ਲਿਆਉਣ।