ਸਿਹਤ ਕਾਰਡ ਬਣਾਉਣ ਦੇ ਕੰਮ ਦਾ ਕੀਤਾ ਨਿਰੀਖਣ
ਸਿਹਤ ਕਾਰਡ ਬਣਾਉਣ ਦੇ ਕੰਮ ਦਾ ਕੀਤਾ ਨਿਰੀਖਣ
Publish Date: Thu, 19 Feb 2026 04:27 PM (IST)
Updated Date: Fri, 20 Feb 2026 04:04 AM (IST)

ਬੁਨਿਆਦੀ ਸਹੂਲਤਾਂ ਦੇ ਖੇਤਰ ਚ ਢੁੱਕਵੇਂ ਕਦਮ ਚੁੱਕ ਰਹੀ ਸਰਕਾਰ : ਪ੍ਰੋ. ਮੁਲਤਾਨੀ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਮੁਕੇਰੀਆਂ ਸ਼ਹਿਰ ਦੇ ਵਾਰਡ ਨੰਬਰ 11 ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸਿਹਤ ਕਾਰਡ ਤਿਆਰ ਕਰਨ ਦੀ ਮੁਹਿੰਮ ਦੌਰਾਨ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਇਸ ਸਮੇਂ ਗੱਲਬਾਤ ਕਰਦਿਆਂ ਪ੍ਰੋ. ਮੁਲਤਾਨੀ ਨੇ ਦੱਸਿਆ ਕਿ ਇਸ ਲੋਕ-ਹਿਤੈਸ਼ੀ ਉਪਰਾਲੇ ਦੀ ਅਗਵਾਈ ਵਾਰਡ ਇੰਚਾਰਜ ਮੋਹਨ ਤੱਖੀ ਵੱਲੋਂ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਸੁਚੱਜੀ ਦੇਖ-ਰੇਖ ਹੇਠ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਦੇ ਸਿਹਤ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਕਾਰਡ ਬਣਾਉਣ ਲਈ ਲੋਕਾਂ ਵਿੱਚ ਖਾਸਾ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਇਹ ਯੋਜਨਾ ਆਮ ਪਰਿਵਾਰਾਂ ਨੂੰ ਬਿਨਾਂ ਵੱਡੇ ਖ਼ਰਚੇ ਦੇ ਉੱਚ ਪੱਧਰੀ ਇਲਾਜ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਉਨ੍ਹਾਂ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸੁਚੱਜੀ ਅਤੇ ਤੇਜ਼ ਦੱਸਦਿਆਂ ਸੀਐੱਸਸੀ ਕਾਮਿਆਂ ਅਤੇ ਪਾਰਟੀ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰੋ. ਮੁਲਤਾਨੀ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਅਸਲ ਮਕਸਦ ਲੋਕਾਂ ਤੱਕ ਸਿੱਧਾ ਲਾਭ ਪਹੁੰਚਾਉਣਾ ਹੈ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਇਸ ਦੀ ਸਪੱਸ਼ਟ ਉਦਾਹਰਨ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਸਰਕਾਰ ਦੇ ਲੋਕ-ਭਲਾਈ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਸਿਹਤ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਦੇ ਖੇਤਰ ਵਿੱਚ ਲਗਾਤਾਰ ਢੁਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਸਿਰਫ਼ ਘੋਸ਼ਣਾਵਾਂ ਤੱਕ ਸੀਮਤ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਲਾਗੂ ਹੋ ਰਹੀਆਂ ਹਨ। ਇਸ ਮੌਕੇ ਮਾਰਕਿਟ ਕਮੇਟੀ ਮੁਕੇਰੀਆਂ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ, ਯੂਥ ਵਿੰਗ ਦੇ ਪ੍ਰਧਾਨ ਬੈਨੀ ਰਾਣਾ, ਐੱਸਸੀ ਵਿੰਗ ਦੇ ਬਲਾਕ ਪ੍ਰਧਾਨ ਵਿਪਨ ਕੁਮਾਰ, ਬਲਾਕ ਪ੍ਰਧਾਨ ਅਮਨ ਠਾਕੁਰ ਸਮੇਤ ਹੋਰ ਕਈ ਪਾਰਟੀ ਆਗੂ ਅਤੇ ਵਲੰਟੀਅਰ ਹਾਜ਼ਰ ਸਨ।