ਡਿਜੀਟਲ ਤੇ ਸਾਈਬਰ ਸੁਰੱਖਿਆ ਵਿਸ਼ੇ ’ਤੇ ਵਰਕਸ਼ਾਪ ਕਰਵਾਈ
ਡਿਜੀਟਲ ਤੇ ਸਾਈਬਰ ਸੁਰੱਖਿਆ ਵਿਸ਼ੇ ’ਤੇ ਵਰਕਸ਼ਾਪ ਕਰਵਾਈ
Publish Date: Thu, 19 Feb 2026 04:18 PM (IST)
Updated Date: Fri, 20 Feb 2026 04:03 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਵਿਖੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਡੀਨ ਸਟੂਡੈਂਟ ਵੈੱਲਫੇਅਰ ਅਤੇ ਟੈਕਨੀਕਲ ਕਲੱਬ ਦੇ ਆਪਸੀ ਸਹਿਯੋਗ ਨਾਲ “ਡਿਜੀਟਲ ਅਤੇ ਸਾਈਬਰ ਸੁਰੱਖਿਆ” ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿੱਚ ਕੰਪਿਊਟਰ ਸਾਇੰਸ ਅਤੇ ਮੈਨੇਜਮੈਂਟ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਵਰਕਸ਼ਾਪ ਦੌਰਾਨ 3 ਮਹੱਤਵਪੂਰਣ ਸੈਸ਼ਨ ਕਰਵਾਏ ਗਏ। ਪਹਿਲੇ ਸੈਸ਼ਨ ਵਿੱਚ ਅਸਿਸਟੈਂਟ ਪ੍ਰੋਫੈੱਸਰ ਮਧੂ ਨੇ ਡਿਜੀਟਲ ਆਦਤ ਅਤੇ ਇਸ ਨਾਲ ਮਾਨਸਿਕ ਸਿਹਤ ’ਤੇ ਪੈਣ ਵਾਲੇ ਨਕਾਰਾਤਮਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੀ ਸਹੀ ਅਤੇ ਸੰਤੁਲਿਤ ਵਰਤੋਂ ਕਰਨ, ਸਕ੍ਰੀਨ ਟਾਈਮ ਨੂੰ ਸੀਮਤ ਰੱਖਣ ਅਤੇ ਨੀਂਦ ਤੋਂ ਪਹਿਲਾਂ ਜਾਂ ਬਿਨਾਂ ਲੋੜ ਤੋਂ ਫੋਨ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਦੂਜੇ ਸੈਸ਼ਨ ਵਿੱਚ ਅਸਿਸਟੈਂਟ ਪ੍ਰੋਫੈੱਸਰ ਨੀਤੂ ਨੇ ਸੋਸ਼ਲ ਮੀਡੀਆ ’ਤੇ ਨਿੱਜਤਾ (ਪ੍ਰਾਈਵੇਸੀ) ਅਤੇ ਸੁਰੱਖਿਆ ਸੰਬੰਧੀ ਜਰੂਰੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਨਲਾਈਨ ਡਾਟੇ ਦੀ ਸੁਰੱਖਿਆ, ਮਜ਼ਬੂਤ ਪਾਸਵਰਡ ਅਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਸਮੇਂ ਸਾਵਧਾਨੀ ਵਰਤਣ ’ਤੇ ਜ਼ੋਰ ਦਿੱਤਾ। ਤੀਜੇ ਸੈਸ਼ਨ ਵਿੱਚ ਡਾ. ਕਮਲ ਕਿਸ਼ੋਰ ਨੇ ਆਨਲਾਈਨ ਠੱਗੀ, ਸਾਈਬਰ ਧੋਖਾਧੜੀ ਅਤੇ ਭਾਰਤੀ ਸਾਈਬਰ ਕਾਨੂੰਨਾਂ ਬਾਰੇ ਵਿਦਿਆਰਥੀਆਂ ਨੂੰ ਗਹਿਰਾਈ ਨਾਲ ਜਾਣੂ ਕਰਵਾਇਆ। ਇਸ ਸਮੇਂ ਸਾਰੇ ਵਿਦਿਆਰਥੀਆਂ ਨੇ ਸੁਰੱਖਿਅਤ ਅਤੇ ਜ਼ਿੰਮੇਵਾਰ ਡਿਜੀਟਲ ਨਾਗਰਿਕ ਬਣਨ ਦਾ ਪ੍ਰਣ ਵੀ ਲਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਵਿੱਚ ਉਭਰ ਰਹੀਆਂ ਚੁਣੌਤੀਆਂ, ਆਨਲਾਈਨ ਸੁਰੱਖਿਆ ਅਤੇ ਜ਼ਿੰਮੇਵਾਰ ਡਿਜੀਟਲ ਵਰਤੋਂ ਪ੍ਰਤੀ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਵਿਦਿਆਰਥੀਆਂ ਨੂੰ ਆਨਲਾਈਨ ਖਤਰਿਆਂ ਤੋਂ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਭਵਿੱਖ ਦੀਆਂ ਚੁਣੌਤੀਆਂ ਦਾ ਸਮਝਦਾਰੀ ਨਾਲ ਸਾਹਮਣਾ ਕਰ ਸਕਣ। ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੁੰਦੀਆਂ ਹਨ। ਵਰਕਸ਼ਾਪ ਦੇ ਅੰਤ ’ਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਡਾਇਰੈਕਟਰ ਐਡਮਿਸ਼ਨ ਪ੍ਰੋ. ਪਰਵਿੰਦਰ ਸਿੰਘ, ਡੀਨ ਅਕਾਦਮਿਕ ਪ੍ਰੋ. ਸੁਖਜਿੰਦਰ ਸਿੰਘ ਅਤੇ ਹੋਰ ਫੈਕਲਟੀ ਮੈਂਬਰ ਮੌਜ਼ੂਦ ਸਨ।