ਚੱਬੇਵਾਲ ਕਾਲਜ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ
ਚੱਬੇਵਾਲ ਕਾਲਜ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ
Publish Date: Tue, 17 Feb 2026 08:15 PM (IST)
Updated Date: Wed, 18 Feb 2026 04:15 AM (IST)

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਪੰਥ ਰਤਨ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਵਿਚ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ /ਕਾਲਜ ਚੱਬੇਵਾਲ ਵਿਖੇ ਡਾਇਰੈਕਟਰ/ ਪ੍ਰਿੰਸੀਪਲ ਡਾ. ਮਨਜੀਤ ਕੌਰ ਦੀ ਦੇਖਰੇਖ ਵਿੱਚ ਸਲਾਨਾ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਦੀ ਕਾਮਯਾਬੀ ਅਤੇ ਵਧੀਆ ਅੰਕ ਲੈ ਕੇ ਅੱਵਲ ਆਉਣ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ। ਇਹ ਜਾਪ ਸਮੂਹ ਵਿਦਿਆਰਥਣਾਂ ਤੇ ਸਮੂਹ ਸਟਾਫ਼ ਵੱਲੋਂ ਕੀਤੇ ਗਏ। ਪਾਠ ਉਪਰੰਤ ਵਿਦਿਆਰਥਣਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ /ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਡਾਇਰੈਕਟਰ/ ਪ੍ਰਿੰਸੀਪਲ ਡਾ: ਮਨਜੀਤ ਕੌਰ ਨੇ ਸਕੂਲ ਦੀਆਂ ਬੱਚੀਆਂ ਨੂੰ ਖ਼ੂਬ ਮਿਹਨਤ ਕਰਨ ਕਰ ਕੇ ਸਾਲਾਨਾ ਇਮਤਿਹਾਨਾਂ ਵਿੱਚ ਅੱਵਲ ਆਉਣ ਅਤੇ ਕਾਮਯਾਬ ਰਹਿਣ ਦੀ ਪ੍ਰੇਰਨਾ ਦਿੱਤੀ। ਉਹਨਾਂ ਦੱਸਿਆ ਕਿ ਇਸ ਸਕੂਲ /ਕਾਲਜ ਦਾ ਉਦੇਸ਼ ਪੜ੍ਹਾਈ ਦੇ ਨਾਲ ਨਾਲ ਬੱਚੀਆਂ ਨੂੰ ਗੁਰਬਾਣੀ ਨਾਲ ਵੀ ਜੋੜਨਾ ਹੈ, ਰਹਿਤ ਮਰਿਯਾਦਾ ਵਿੱਚ ਜੀਵਨ ਜਿਊਣਾ ਸਿਖਾਉਣਾ ਹੈ। ਇਨ੍ਹਾਂ ਬੱਚੀਆਂ ਦਾ ਸਲਾਨਾ ਇਮਤਿਹਾਨਾਂ ਵਿੱਚੋਂ ਪਾਸ ਹੋ ਕੇ ਇਸੇ ਹੀ ਕਾਲਜ ਵਿੱਚ ਅਗਲੀਆਂ ਕਲਾਸਾਂ ’ਚ ਦਾਖਲਾ ਲੈਣਾ ਯਕੀਨੀ ਬਣਾਇਆ ਗਿਆ ਹੈ ਤੇ ਉਨਾਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਇਸੇ ਹੀ ਕਾਲਜ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਾਉਣ ਲਈ ਦਾਖਲ ਵੀ ਕਰਵਾਉਣ। ਪਾਠ ਉਪਰੰਤ ਵਿਦਿਆਰਥਣਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇਸ ਮੌਕੇ ਸਕੂਲ /ਕਾਲਜ ਦੇ ਸਾਰੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਹਾਜ਼ਰ ਸੀ।