ਔਰਤ ਅਤੇ ਮਰਦ ਨੇ ਬੈਂਕ ’ਚ ਦਾਖਲ ਹੋ ਕੇ ਕੀਤੀ ਚੋਰੀ
ਔਰਤ ਅਤੇ ਮਰਦ ਨੇ ਬੈਂਕ ਚ ਦਾਖਲ ਹੋ ਕੇ ਕੀਤੀ ਚੋਰੀ
Publish Date: Sat, 14 Feb 2026 06:59 PM (IST)
Updated Date: Sun, 15 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਬੀਤੀ ਦੇਰ ਰਾਤ ਬਲਾਕ ਟਾਂਡਾ ਅਧੀਨ ਪੈਂਦੇ ਬੇਟ ਖੇਤਰ ਦੇ ਪਿੰਡ ਨੱਥੂਪੁਰ ਵਿਖੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ’ਚ ਇੱਕ ਔਰਤ ਅਤੇ ਇੱਕ ਆਦਮੀ ਨੇ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪੂਰੀ ਤਰ੍ਹਾਂ ਅਸਫਲ ਰਹੇ। ਚੋਰੀ ਦਾ ਸ਼ਨੀਵਾਰ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਕੁਝ ਪਿੰਡ ਵਾਸੀਆਂ ਨੇ ਬੈਂਕ ਦਾ ਸ਼ਟਰ ਟੁੱਟਾ ਹੋਇਆ ਵੇਖਿਆ ਤੇ ਇਸ ਸਬੰਧੀ ਬੈਂਕ ਦੀ ਬ੍ਰਾਂਚ ਮੈਨੇਜਰ ਕੁਲਵਿੰਦਰ ਕੌਰ ਨੂੰ ਘਟਨਾ ਬਾਰੇ ਸੂਚਿਤ ਕੀਤਾ। ਬ੍ਰਾਂਚ ਮੈਨੇਜਰ ਕੁਲਵਿੰਦਰ ਕੌਰ ਨੇ ਮੌਕੇ ਤੇ ਬੈਂਕ ਪਹੁੰਚ ਟਾਂਡਾ ਪੁਲਿਸ ਨੂੰ ਸੂਚਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ੁੱਕਰਵਾਰ ਸ਼ਾਮ ਨੂੰ ਬੈਂਕ ਬੰਦ ਕਰ ਕੇ ਗਏ ਸਨ ਕਿ ਦੇਰ ਰਾਤ ਇੱਕ ਆਦਮੀ ਅਤੇ ਇੱਕ ਔਰਤ ਵਕਤ ਕਰੀਬ 12 ਵਜੇ ਬੈਂਕ ਦਾ ਤਾਲਾ, ਸ਼ਟਰ ਤੇ ਗਰਿੱਲ ਤੋੜਦੇ ਅਤੇ ਅੰਦਰ ਦਾਖਲ ਹੁੰਦੇ ਹਨ ਤੇ ਬੈਂਕ ਅੰਦਰ ਪਏ ਕਰਜ਼ਦਾਰਾਂ ਦੀਆਂ ਜ਼ਰੂਰੀ ਦਸਤਾਵੇਜ਼ ਦੀਆਂ ਫਾਈਲਾਂ ਦੀ ਫਰੋਲਾ-ਫਰਾਲੀ ਕੀਤੀ ਪਰ ਬੈਂਕ ਦੀ ਕੈਸ਼ ਸੇਫ ਵਗੈਰਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕੋਈ ਜ਼ਰੂਰੀ ਦਸਤਾਵੇਜ਼ ਦੀ ਚੋਰੀ ਕੀਤੀ ਗਈ ਹੋਵੇ। ਇਸ ਸਬੰਧੀ ਬੈਂਕ ਸਟਾਫ ਵਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਚੋਰੀ ਦੀ ਸਾਰੀ ਘਟਨਾ ਬੈਂਕ ਦੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ। ਇਸ ਸਬੰਧੀ ਜਦੋਂ ਐੱਸਐੱਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੈਂਕ ’ਚ ਹੋਈ ਚੋਰੀ ਦੀ ਵਾਰਦਾਤ ਸਬੰਧੀ ਟਾਂਡਾ ਪੁਲਿਸ ਨੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਪੜਤਾਲ ’ਚ ਇਹ ਸਾਹਮਣੇ ਆਇਆ ਕਿ ਚੋਰੀ ਵਾਲੀ ਵਾਰਦਾਤ ਤੋਂ ਪਹਿਲਾਂ ਬੈਂਕ ’ਚ ਲੱਗਿਆ ਵਾਰਨਿੰਗ ਅਲਾਰਮ ਬੰਦ ਪਾਇਆ ਗਿਆ ਤੇ ਚੋਰਾਂ ਵਲੋਂ ਬੈਂਕ ਵਿੱਚੋਂ ਕੈਸ਼ ਚੋਰੀ ਨਹੀਂ ਕੀਤਾ, ਸਿਰਫ਼ ਦਸਤਾਵੇਜ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਜਾਰੀ ਹੈ। ਪਿੰਡ ਦੇ ਆਲੇ-ਦੁਆਲੇ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।