ਨੇਚਰ ਫੈਸਟ ਦੇ ਦੂਜੇ ਦਿਨ ਖਰੀਦਦਾਰੀ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਭਰਿਆ ਰੰਗ
ਨੇਚਰ ਫੈਸਟ ਦੇ ਦੂਜੇ ਦਿਨ ਖਰੀਦਦਾਰੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਭਰਿਆ ਰੰਗ
Publish Date: Sat, 14 Feb 2026 06:00 PM (IST)
Updated Date: Sun, 15 Feb 2026 04:07 AM (IST)

ਲਾਜਵੰਤੀ ਸਪੋਰਟਸ ਸਟੇਡੀਅਮ ਵਿੱਚ ਲੋਕਾਂ ਦੀ ਭਾਰੀ ਭੀੜ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਲਾਜਵੰਤੀ ਸਪੋਰਟਸ ਸਟੇਡੀਅਮ ਵਿੱਚ ਚੱਲ ਰਹੇ ਨੇਚਰ ਫੈਸਟ ਹੁਸ਼ਿਆਰਪੁਰ 2026 ਦੇ ਦੂਜੇ ਦਿਨ ਮੇਲੇ ਵਿੱਚ ਲੋਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰਵਾਸੀਆਂ ਨੇ ਮੇਲੇ ਦਾ ਦੌਰਾ ਕਰਕੇ ਖਰੀਦਦਾਰੀ ਕੀਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣਿਆ। ਮੇਲੇ ਵਿੱਚ ਸਥਾਨਕ ਉਤਪਾਦਾਂ, ਦਸਤਕਾਰੀ, ਜੈਵਿਕ ਸਮਾਨ ਅਤੇ ਹੋਰ ਵਸਤਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਹੈ। ਲੋਕਾਂ ਨੇ ਵੱਖ-ਵੱਖ ਸਟਾਲਾਂ ’ਤੇ ਜਾ ਕੇ ਖਰੀਦਦਾਰੀ ਕੀਤੀ ਅਤੇ ਸਥਾਨਕ ਕਲਾਕਾਰੀਆਂ ਦੀ ਪ੍ਰਸ਼ੰਸਾ ਕੀਤੀ। ਫੂਡ ਸਟਾਲਾਂ ’ਤੇ ਵੀ ਖਾਸ ਰੌਣਕ ਰਹੀ, ਜਿੱਥੇ ਲੋਕਾਂ ਨੇ ਰਵਾਇਤੀ ਪਕਵਾਨਾਂ ਦਾ ਸੁਆਦ ਚੱਖਿਆ। ਦੂਜੇ ਦਿਨ ਸੱਭਿਆਚਾਰਕ ਪ੍ਰੋਗਰਾਮਾਂ ਨੇ ਮੇਲੇ ਦੀ ਰੌਣਕ ਹੋਰ ਵਧਾ ਦਿੱਤੀ। ਇਸ ਦੌਰਾਨ ਲੋਕ ਨਾਚ, ਗਾਇਨ ਮੁਕਾਬਲੇ ਅਤੇ ਰੰਗਾਰੰਗ ਪੇਸ਼ਕਾਰੀਆਂ ਕਰਵਾਈਆਂ ਗਈਆਂ। ਪੰਜਾਬੀ ਭੰਗੜੇ ਅਤੇ ਗਿੱਧੇ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸਥਾਨਕ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਦਰਸ਼ਕਾਂ ਨੂੰ ਖੂਬ ਮੋਹਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਵਿੰਗਜ਼ ਪ੍ਰੋਜੈਕਟ ਦਾ ਸਟਾਲ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਨੇਚਰ ਫੈਸਟ ਦਾ ਮਕਸਦ ਸਿਰਫ ਮਨੋਰੰਜਨ ਨਹੀਂ, ਸਗੋਂ ਵਾਤਾਵਰਣ ਸੁਰੱਖਿਆ ਅਤੇ ਸਥਾਨਕ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਰਾਹੀਂ ਹੁਸ਼ਿਆਰਪੁਰ ਦੀ ਕੁਦਰਤੀ ਸੁੰਦਰਤਾ ਅਤੇ ਸੈਰ-ਸਪਾਟਾ ਸੰਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਮੇਲੇ ਦਾ ਮੁੱਖ ਆਕਰਸ਼ਣ “ਸਿੰਗਰ ਨਾਈਟ” ਹੋਵੇਗੀ, ਜਿਸ ਵਿੱਚ ਪ੍ਰਸਿੱਧ ਗਾਇਕ ਪ੍ਰਭ ਗਿੱਲ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਸਿੰਗਰ ਨਾਈਟ ਲਈ ਐਂਟਰੀ ਖੁੱਲ੍ਹੀ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 15 ਫਰਵਰੀ ਨੂੰ ਸਾਈਕਲੋਥੋਨ, ਤਲਵਾੜਾ ਵਿੱਚ ਪੰਛੀ ਨਿਗਰਾਨੀ, ਫੋਰੈਸਟ ਡਿਸਕਵਰੀ ਟ੍ਰੇਲ, ਬੋਟਿੰਗ ਅਤੇ ਖਜ਼ਾਨੇ ਦੀ ਭਾਲ ਵਰਗੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਉਨ੍ਹਾਂ ਜਨਤਾ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ। ਮੇਲੇ ਦੌਰਾਨ ਸਟੇਡੀਅਮ ਵਿੱਚ ਲਗਭਗ 100 ਸਟਾਲਾਂ ਰਾਹੀਂ ਵੱਖ-ਵੱਖ ਸਮਾਨ ਅਤੇ ਕਲਾਕ੍ਰਿਤੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।