ਸਿਵਲ ਡਿਫੈਂਸ ਕੈਂਪ ਦੇ ਚੌਥੇ ਦਿਨ ਆਫ਼ਤ ਪ੍ਰਬੰਧਨ ਬਾਰੇ ਵਿਸ਼ੇਸ਼ ਸਿਖਲਾਈ
ਸਨਾਤਨ ਧਰਮ ਕਾਲਜ ਵਿੱਚ ਸਿਵਲ ਡਿਫੈਂਸ ਕੈਂਪ ਦੇ ਚੌਥੇ ਦਿਨ ਆਫ਼ਤ ਪ੍ਰਬੰਧਨ ਬਾਰੇ ਵਿਸ਼ੇਸ਼ ਸਿਖਲਾਈ
Publish Date: Sat, 14 Feb 2026 05:17 PM (IST)
Updated Date: Sun, 15 Feb 2026 04:03 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿੱਚ “ਸਿਵਲ ਡਿਫੈਂਸ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ” ਦੇ ਤਹਿਤ ਚੱਲ ਰਹੇ 7 ਰੋਜ਼ਾ ਸਿਵਲ ਡਿਫੈਂਸ ਕੈਂਪ ਦੇ ਚੌਥੇ ਦਿਨ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਿਪਟਣ ਸੰਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਦੀ ਅਗਵਾਈ ਹੇਠ ਆਯੋਜਿਤ ਇਸ ਕੈਂਪ ਦੌਰਾਨ ਮਾਹਿਰਾਂ ਵੱਲੋਂ ਵੱਖ-ਵੱਖ ਸੈਸ਼ਨ ਕਰਵਾਏ ਗਏ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਦਫ਼ਤਰ ਤੋਂ ਪਹੁੰਚੇ ਅਧਿਕਾਰੀ ਵਿਪਨ ਕੁਮਾਰ ਵਿਸ਼ਿਸ਼ਟ ਨੇ ਫੈਕਟਰੀਆਂ ਵਿੱਚ ਸੁਰੱਖਿਆ ਨਿਯਮਾਂ ਅਤੇ ਹਾਦਸਿਆਂ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਉਦਯੋਗਿਕ ਸਥਾਨਾਂ ‘ਤੇ ਐਮਰਜੈਂਸੀ ਦੌਰਾਨ ਕੀਤੇ ਜਾਣ ਵਾਲੇ ਉਪਾਅ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਤੋਂ ਬਾਅਦ ਸਥਾਨਕ ਫਾਇਰ ਸਟੇਸ਼ਨ ਤੋਂ ਫਾਇਰਮੈਨ ਸ਼ੁਭਮ ਅਤੇ ਰੋਜ਼ ਕਮਲ ਭਾਟੀਆ ਵੱਲੋਂ ਅੱਗ ਬੁਝਾਉਣ ਵਾਲੇ ਉਪਕਰਣਾਂ ਦੀ ਵਰਤੋਂ ਬਾਰੇ ਡੈਮੋ ਦਿੱਤਾ ਗਿਆ। ਉਨ੍ਹਾਂ ਨੇ ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਤਰੀਕੇ ਅਤੇ ਸੁਰੱਖਿਆ ਸਾਵਧਾਨੀਆਂ ਬਾਰੇ ਵੀ ਦੱਸਿਆ। ਕੈਂਪ ਦੌਰਾਨ ਸਿਵਲ ਡਿਫੈਂਸ ਅਧਿਕਾਰੀਆਂ ਨੇ ਰੱਸੀ ਦੀਆਂ ਗੰਢਾਂ ਬੰਨ੍ਹਣ ਦੀਆਂ ਤਕਨੀਕਾਂ ਅਤੇ ਸਟ੍ਰੈਚਰ ਲਿਫਟਿੰਗ ਬਾਰੇ ਪ੍ਰਯੋਗਿਕ ਸਿਖਲਾਈ ਦਿੱਤੀ। ਵਿਦਿਆਰਥੀਆਂ ਨੇ ਜਖ਼ਮੀ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਉਠਾਉਣ ਅਤੇ ਲਿਜਾਣ ਦੀ ਪ੍ਰਕਿਰਿਆ ਵੀ ਸਿੱਖੀ। ਡਿਪਟੀ ਚੀਫ਼ ਵਾਰਡਨ ਸਿਵਲ ਡਿਫੈਂਸ ਹੁਸ਼ਿਆਰਪੁਰ ਪ੍ਰਮੋਦ ਕੁਮਾਰ ਸ਼ਰਮਾ ਨੇ ਕੈਂਪ ਵਿੱਚ ਸ਼ਾਮਿਲ ਸਾਰੇ ਅਧਿਕਾਰੀਆਂ ਅਤੇ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀ ਟ੍ਰੇਨਿੰਗ ਵਿਦਿਆਰਥੀਆਂ ਵਿੱਚ ਸੁਰੱਖਿਆ ਅਤੇ ਸੇਵਾ ਦੀ ਭਾਵਨਾ ਪੈਦਾ ਕਰਦੀ ਹੈ। ਇਹ ਕੈਂਪ ਜ਼ਿਲ੍ਹਾ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਰਵੇਲ ਸਿੰਘ ਰੰਧਾਵਾ ਦੀ ਦੇਖਰੇਖ ਹੇਠ, ਟ੍ਰੇਨਡ ਮਾਹਿਰਾਂ ਦੀ ਟੀਮ ਦੇ ਸਹਿਯੋਗ ਨਾਲ ਪ੍ਰੋ. ਸੁਕ੍ਰਿਤੀ ਸ਼ਰਮਾ ਅਤੇ ਪ੍ਰੋ. ਸਹਿਜਪ੍ਰੀਤ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।