ਖੇਡਾਂ ਸਿਹਤਮੰਦ ਜੀਵਨਸ਼ੈਲੀ ਦੀ ਨੀਂਹ : ਹਰੀਸ਼ ਮਹਾਜਨ ਕਾਲਾ
ਖੇਡਾਂ ਸਿਹਤਮੰਦ ਜੀਵਨਸ਼ੈਲੀ ਦੀ ਨੀਂਹ - ਹਰੀਸ਼ ਮਹਾਜਨ ਕਾਲਾ
Publish Date: Sat, 14 Feb 2026 05:14 PM (IST)
Updated Date: Sun, 15 Feb 2026 04:03 AM (IST)

ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਨੂੰ 11 ਹਜ਼ਾਰ ਦੀ ਵਿੱਤੀ ਸਹਾਇਤਾ ਕੀਤੀ ਭੇਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਸਿੰਘੋਵਾਲ ਵੱਲੋਂ ਕਰਵਾਇਆ ਗਿਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ। ਟੂਰਨਾਮੈਂਟ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਈਆਂ ਫੁੱਟਬਾਲ ਟੀਮਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਉੱਚ ਪੱਧਰੀ ਖੇਡ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹਿਆ। ਟੂਰਨਾਮੈਂਟ ਦੇ ਹਰ ਮੈਚ ਦੌਰਾਨ ਖਿਡਾਰੀਆਂ ਵੱਲੋਂ ਖੇਡ ਜਜ਼ਬੇ, ਅਨੁਸ਼ਾਸਨ ਅਤੇ ਆਪਸੀ ਭਾਈਚਾਰੇ ਦੀ ਬੇਹਤਰੀਨ ਮਿਸਾਲ ਪੇਸ਼ ਕੀਤੀ ਗਈ। ਖੇਡ ਮੈਦਾਨ ਵਿੱਚ ਖਿਡਾਰੀਆਂ ਦੇ ਜੋਸ਼ੀਲੇ ਪ੍ਰਦਰਸ਼ਨ ਕਾਰਨ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਟੂਰਨਾਮੈਂਟ ਨੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣ ਅਤੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਟੂਰਨਾਮੈਂਟ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਹਰੀਸ਼ ਮਹਾਜਨ ਕਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਮੌਜੂਦ ਖੇਡ ਪ੍ਰੇਮੀਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਰਾਹੀਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਮੇਂ ਦੀ ਕਦਰ, ਟੀਮ ਵਰਕ ਅਤੇ ਸਹਿਣਸ਼ੀਲਤਾ ਵਰਗੇ ਗੁਣ ਵਿਕਸਤ ਹੁੰਦੇ ਹਨ, ਜੋ ਉਨ੍ਹਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਂਦੇ ਹਨ। ਹਰੀਸ਼ ਮਹਾਜਨ ਕਾਲਾ ਨੇ ਕਿਹਾ ਕਿ ਜੋ ਨੌਜਵਾਨ ਖੇਡ ਮੈਦਾਨਾਂ ਵਿੱਚ ਪਸੀਨਾ ਵਹਾਉਂਦੇ ਹਨ, ਉਹੀ ਅੱਗੇ ਚੱਲ ਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਮੋਬਾਈਲ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਖੇਡਾਂ ਸਿਹਤਮੰਦ ਜੀਵਨਸ਼ੈਲੀ ਦੀ ਨੀਂਹ ਹਨ। ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਸਿੰਘੋਵਾਲ ਵੱਲੋਂ ਕਰਵਾਏ ਗਏ ਟੂਰਨਾਮੈਂਟ ਦੀ ਪ੍ਰਸ਼ੰਸਾ ਕਰਦਿਆਂ ਕਲੱਬ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਖੇਡ ਸਮਾਗਮ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਹਰੀਸ਼ ਮਹਾਜਨ ਕਾਲਾ ਵੱਲੋਂ ਸਪੋਰਟਸ ਕਲੱਬ ਨੂੰ 11 ਹਜ਼ਾਰ ਰੁਪਏ ਦੀ ਸਹਿਯੋਗੀ ਰਾਸ਼ੀ ਭੇਟ ਕਰਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ ਗਈ। ਇਸ ਮੌਕੇ ਕਈ ਮੋਹਤਬਰ, ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਰਹੇ।