68.50 ਰੁਪਏ ਸਬਸਿਡੀ ਨਾ ਮਿਲਣ ਕਾਰਨ ਗੰਨੇ ਦੀ ਬਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ: ਲਾਚੋਵਾਲ
68.50 ਰੁਪਏ ਸਬਸਿਡੀ ਨਾ ਮਿਲਣ ਕਾਰਨ ਗੰਨੇ ਦੀ ਬਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ: ਲਾਚੋਵਾਲ
Publish Date: Fri, 13 Feb 2026 05:15 PM (IST)
Updated Date: Sat, 14 Feb 2026 04:06 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਇਸ ਵਾਰ ਗੰਨੇ ਦੀ ਪੈਦਾਵਾਰ ਘੱਟ ਹੋਣ ਕਾਰਨ ਚੀਨੀ ਮਿੱਲਾਂ ਦੀ ਗੰਨਾ ਪਿਸਾਈ ਸਮਰੱਥਾ ਵਿੱਚ ਵੱਡੀ ਕਮੀ ਆਈ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਕਵਿੰਟਲ 68.50 ਰੁਪਏ ਸਬਸਿਡੀ ਦੀ ਰਕਮ ਨਾ ਮਿਲਣ ਕਾਰਨ ਗੰਨੇ ਦੀ ਨਵੀਂ ਬਜਾਈ ਹੋਰ ਵੀ ਪ੍ਰਭਾਵਿਤ ਹੋ ਸਕਦੀ ਹੈ। ਇਹ ਵਿਚਾਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਦੀ ਗੁਰਦੀਪ ਸਿੰਘ ਖੁਣਖੁਣ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇ ਗੰਨੇ ਦੀ ਬਕਾਇਆ ਰਕਮ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਨਾ ਪਾਈ ਗਈ ਤਾਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਖੁਣਖੁਣ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤਹਿਤ ਯੂਰੀਏ ਵਿੱਚ ਨਾਈਟ੍ਰੋਜਨ ਦੀ ਮਾਤਰਾ ਅਤੇ ਤੋਲ ਵਿੱਚ ਕੀਤੀ ਕਟੌਤੀ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਯੂਰੀਏ ਦੀ ਗੁਣਵੱਤਾ ਪਹਿਲਾਂ ਵਾਂਗ ਬਰਕਰਾਰ ਰੱਖੀ ਜਾਵੇ ਅਤੇ ਉਦਯੋਗਿਕ ਵਰਤੋਂ ਲਈ ਹੋ ਰਹੀ ਨਾਜਾਇਜ਼ ਸਪਲਾਈ ਨੂੰ ਰੋਕਿਆ ਜਾਵੇ। ਮੀਟਿੰਗ ਵਿੱਚ ਮੋਦੀ ਸਰਕਾਰ ਵੱਲੋਂ ਟਰੰਪ ਸਰਕਾਰ ਨਾਲ ਕੀਤੇ ਗਏ ਸਮਝੌਤਿਆਂ ਨੂੰ ਵੀ ਕਿਸਾਨ ਮਾਰੂ ਦੱਸਦਿਆਂ ਇਸਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਲਾਲੀ, ਲੰਬੜਦਾਰ ਮਨਜੀਤ ਸਿੰਘ ਖੁਣਖੁਣ, ਮਨਦੀਪ ਸਿੰਘ ਅਸਲਪੁਰ, ਬਿੱਕਰ ਸਿੰਘ ਸ਼ੇਰਪੁਰ ਪੱਕਾ, ਗੁਰਨਾਮ ਸਿੰਘ ਸਿੰਗੜੀਵਾਲਾ, ਕਿਰਪਾਲ ਸਿੰਘ ਪੰਡੋਰੀ ਖਜੂਰ ਸਮੇਤ ਹੋਰ ਕਈ ਕਿਸਾਨ ਆਗੂ ਹਾਜ਼ਰ ਸਨ।