ਮਾਡਰਨ ਗਰੁੱਪ ਆਫ਼ ਕਾਲਜਿਸ ਨੇ ਪੋਸਟਰ ਤੇ ਸਲੋਗਨ ਲੇਖਨ ਮੁਕਾਬਲਾ ਕਰਵਾਇਆ
ਮਾਡਰਨ ਗਰੁੱਪ ਆਫ਼ ਕਾਲਜਿਸ ਨੇ ਪੋਸਟਰ ਤੇ ਸਲੋਗਨ ਲੇਖਨ ਮੁਕਾਬਲਾ ਕਰਵਾਇਆ
Publish Date: Fri, 13 Feb 2026 04:40 PM (IST)
Updated Date: Sat, 14 Feb 2026 04:03 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਸਥਾਨਕ ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਵਿਖੇ ਯੂਥ ਭਲਾਈ ਵਿਭਾਗ ਅਤੇ ਸੱਭਿਆਚਾਰਕ ਕਲੱਬ ਦੇ ਸਾਂਝੇ ਯਤਨਾਂ ਨਾਲ ਅੰਤਰ-ਵਿਭਾਗੀ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਦੇ ਵੱਖ-ਵੱਖ ਕੋਰਸਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਰੁਚੀ ਨਾਲ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗਣਤੰਤਰ ਦਿਵਸ ਦੀ ਆਤਮਾ, ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਨੂੰ ਰੰਗਾਂ ਅਤੇ ਸ਼ਬਦਾਂ ਰਾਹੀਂ ਪ੍ਰਗਟ ਕੀਤਾ। ਪੋਸਟਰਾਂ ਅਤੇ ਸਲੋਗਨਾਂ ਵਿੱਚ ਭਾਰਤੀ ਸੰਵਿਧਾਨ, ਲੋਕਤੰਤਰ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਵਰਗੇ ਵਿਸ਼ਿਆਂ ਨੂੰ ਖੂਬਸੂਰਤੀ ਨਾਲ ਉਭਾਰਿਆ ਗਿਆ। ਇਨ੍ਹਾਂ ਮੁਕਾਬਲਿਆਂ ਦਾ ਸੰਚਾਲਨ ਯੂਥ ਭਲਾਈ ਵਿਭਾਗ ਦੀ ਕੋਆਰਡੀਨੇਟਰ ਤਨਮੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰਾ ਪ੍ਰੋਗਰਾਮ ਬੜੇ ਸੁਚੱਜੇ ਅਤੇ ਅਨੁਸ਼ਾਸਿਤ ਢੰਗ ਨਾਲ ਨੇਪਰੇ ਚੜ੍ਹਿਆ। ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ, ਕੈਂਪਸ ਡਾਇਰੈਕਟਰ ਵਿਜੇਤਾ ਸ਼ਰਮਾ ਅਤੇ ਡੀਨ ਅਕਾਦਮਿਕ ਪ੍ਰੋ. ਸੁਖਜਿੰਦਰ ਸਿੰਘ ਨੇ ਨਿਭਾਈ। ਜੱਜਾਂ ਵੱਲੋਂ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਕਲਾ ਪ੍ਰਤੀ ਲਗਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਨਤੀਜਿਆਂ ਅਨੁਸਾਰ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਫੈਸ਼ਨ ਵਿਭਾਗ ਦੀ ਭੂਮਿਕਾ ਨੇ ਪਹਿਲਾ, ਸੰਜਨਾ ਅਤੇ ਭੂਮਿਕਾ ਨੇ ਦੂਜਾ, ਜਦਕਿ ਮੈਡੀਕਲ ਵਿਭਾਗ ਦੀ ਰਿਸ਼ੂ ਟੈਗੋਰ ਅਤੇ ਕੰਪਿਊਟਰ ਵਿਭਾਗ ਦੀ ਮੀਨਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲੇਖਨ ਮੁਕਾਬਲੇ ਵਿੱਚ ਕੀਉਰਤਲ ਏਨ ਨੇ ਪਹਿਲਾ, ਕੰਪਿਊਟਰ ਵਿਭਾਗ ਦੀ ਸੁਰਪ੍ਰੀਤ ਕੌਰ ਨੇ ਦੂਜਾ ਅਤੇ ਮੁਸਕਾਨ ਤੇ ਪਦਮ ਅੰਗਮੋ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਸਮੇਂ ਚੇਅਰਮੈਨ ਸੁਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਅਤੇ ਰਾਸ਼ਟਰ ਸਮਰਪਿਤ ਪ੍ਰੋਗਰਾਮ ਨੌਜਵਾਨਾਂ ਵਿੱਚ ਦੇਸ਼ਭਗਤੀ, ਅਨੁਸ਼ਾਸਨ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਤਕਸੀਮ ਕੀਤੇ। ਇਸ ਮੌਕੇ ਡੀਨ ਅਕਾਦਮਿਕ ਪ੍ਰੋ. ਸੁਖਜਿੰਦਰ ਸਿੰਘ, ਡਾਇਰੈਕਟਰ ਐਡਮਿਸ਼ਨ ਪ੍ਰੋ. ਪਰਵਿੰਦਰ ਸਿੰਘ ਅਤੇ ਸਮੂਹ ਵਿਭਾਗੀ ਫੈਕਲਟੀ ਮੈਂਬਰ ਹਾਜ਼ਰ ਸਨ।