ਡੀਸੀ ਦੇ ਹੁਕਮਾਂ ਤਹਿਤ ਰਾਤ ਸਮੇਂ ਵਿਸ਼ੇਸ਼ ਵਾਹਨ ਜਾਂਚ ਮੁਹਿੰਮ
ਡੀਸੀ ਆਸ਼ਿਕਾ ਜੈਨ ਦੇ ਹੁਕਮਾਂ ਤਹਿਤ ਜ਼ਿਲ੍ਹੇ ਵਿੱਚ ਰਾਤ ਸਮੇਂ ਵਿਸ਼ੇਸ਼ ਵਾਹਨ ਜਾਂਚ ਮੁਹਿੰਮ
Publish Date: Thu, 12 Feb 2026 07:13 PM (IST)
Updated Date: Fri, 13 Feb 2026 04:09 AM (IST)

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਵਿਰੁੱਧ ਕੀਤੀ ਸਖ਼ਤ ਕਾਰਵਾਈ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਹੁਕਮਾਂ ਤਹਿਤ ਆਰ.ਟੀ.ਓ. ਅਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਰਾਤ ਦੇ ਸਮੇਂ ਵਿਸ਼ੇਸ਼ ਵਾਹਨ ਜਾਂਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸੜਕਾਂ ’ਤੇ ਚੱਲ ਰਹੇ ਵਪਾਰਕ ਵਾਹਨਾਂ ਦੀ ਜਾਂਚ ਕਰਕੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਆਰਟੀਓ ਅਮਨਦੀਪ ਕੌਰ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਵੀ ਇਸ ਸਬੰਧੀ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੁਹਿੰਮ ਤਹਿਤ ਸਾਂਝੀਆਂ ਟੀਮਾਂ ਨੇ ਵੱਖ-ਵੱਖ ਪ੍ਰਮੁੱਖ ਰੂਟਾਂ, ਚੌਕ-ਚੌਰਾਹਿਆਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਓਵਰਲੋਡਿੰਗ, ਬਿਨ੍ਹਾਂ ਕਾਗਜ਼ਾਂ ਦੇ ਚੱਲ ਰਹੇ ਵਾਹਨ, ਪ੍ਰਦੂਸ਼ਣ ਮਾਪਦੰਡਾਂ ਦੀ ਉਲੰਘਣਾ, ਫਿਟਨੈਸ ਸਰਟੀਫਿਕੇਟ ਨਾ ਹੋਣਾ ਅਤੇ ਹੋਰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਵਪਾਰਕ ਵਾਹਨ ਜ਼ਬਤ ਕੀਤੇ ਗਏ। ਕਾਰਵਾਈ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਹੁਤ ਸਾਰੇ ਵਾਹਨਾਂ ਦੇ ਚਲਾਨ ਕੱਟੇ ਗਏ, ਜਦਕਿ ਗੰਭੀਰ ਉਲੰਘਣਾ ਪਾਏ ਜਾਣ ’ਤੇ ਕੁਝ ਓਵਰਲੋਡ ਵਾਹਨਾਂ ਨੂੰ ਮੌਕੇ ’ਤੇ ਹੀ ਇੰਪਾਊਂਡ ਕਰ ਲਿਆ ਗਿਆ। ਆਰਟੀਓ ਨੇ ਦੱਸਿਆ ਕਿ ਵਾਹਨ ਚਾਲਕਾਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਭਵਿੱਖ ਵਿੱਚ ਨਿਯਮਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਵੀ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਵਿਸ਼ੇਸ਼ ਜਾਂਚ ਮੁਹਿੰਮਾਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਸੜਕ ਦੁਰਘਟਨਾਵਾਂ ’ਤੇ ਰੋਕ ਲਗਾਈ ਜਾ ਸਕੇ ਅਤੇ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਰੱਖਣ, ਓਵਰਲੋਡਿੰਗ ਤੋਂ ਬਚਣ ਅਤੇ ਆਵਾਜਾਈ ਨਿਯਮਾਂ ਦੀ ਪੂਰੀ ਪਾਲਣਾ ਕਰਨ।