ਚਾਈਨਾ ਡੋਰ ਗਲ ’ਤੇ ਫਿਰਨ ਕਾਰਨ ਨਾਬਾਲਿਗ ਜ਼ਖ਼ਮੀ
ਚਾਇਨਾ ਡੋਰ ਦੀ ਗਲ ਤੇ ਫਿਰਨ ਨਾਲ ਨਬਾਲਿਗ ਲੜਕਾ ਜ਼ਖਮੀ
Publish Date: Sat, 24 Jan 2026 07:04 PM (IST)
Updated Date: Sun, 25 Jan 2026 04:16 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਖ਼ਤ ਹਦਾਇਤਾਂ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਸਖ਼ਤ ਨਿਰਦੇਸ਼ਾਂ ਦੇ ਬਾਵਜੂਦ ਵੀ ਚਾਈਨਾ ਡੋਰ ਦਾ ਬਾਜ਼ਾਰਾਂ ’ਚ ਵਿਕਣਾ ਅਜੇ ਤੱਕ ਬੰਦ ਨਹੀਂ ਹੋ ਸਕਿਆ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਟਾਂਡਾ ਤੋਂ, ਜਿੱਥੇ ਇੱਕ ਨਾਬਾਲਿਗ ਲੜਕਾ ਆਪਣੇ ਘਰ ਤੋਂ ਟਾਂਡਾ ਆਉਣ ਸਮੇਂ ਚਾਈਨਾ ਡੋਰ ਦਾ ਸ਼ਿਕਾਰ ਹੋਣ ’ਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖਮੀ ਲੜਕੇ ਦੀ ਪਛਾਣ ਅਰਮਨਪ੍ਰੀਤ ਸਿੰਘ (16) ਪੁੱਤਰ ਮਨਦੀਪ ਸਿੰਘ ਸਿੰਘ ਵਾਸੀ ਤਹਿਸੀਲ ਰੋਡ ਟਾਂਡਾ ਵਜੋਂ ਹੋਈ। ਇਸ ਸਬੰਧੀ ਹਸਪਤਾਲ ਵਿਖੇ ਇਲਾਜ ਦੌਰਾਨ ਜਾਣਕਾਰੀ ਦਿੰਦੇ ਹੋਏ ਅਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਪਿੰਡ ਜਾਜਾ ਤੋਂ ਆਪਣੇ ਘਰ ਵੱਲ ਆ ਰਿਹਾ ਸੀ ਕਿ ਜਦੋਂ ਉਹ ਟਾਂਡਾ ਰੇਲਵੇ ਪੁਲ ’ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਗਲ ’ਤੇ ਚਾਈਨਾ ਡੋਰ ਫਿਰ ਗਈ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਵੱਲੋਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਗਿਆ। ਉਸ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਉਸ ਦੇ ਕਰੀਬ 25 ਟਾਂਕੇ ਲਾਏ ਤੇ ਉਸ ਨੂੰ ਘਰ ’ਚ ਰੈਸਟ ਕਰਨ ਲਈ ਕਿਹਾ। ਇਸ ਮੌਕੇ ਜ਼ਖਮੀ ਲੜਕੇ ਦੇ ਪਿਤਾ ਨੇ ਦੱਸਿਆ ਕਿ ਅਰਮਨਪ੍ਰੀਤ ਸਿੰਘ ਉਸ ਦਾ ਇਕਲੌਤਾ ਲੜਕਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਚਾਈਨਾ ਡੋਰ ਬੰਦ ਕਰਨ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਫਿਰ ਵੀ ਟਾਂਡਾ ਬਾਜ਼ਾਰ ’ਚ ਸ਼ਰੇਆਮ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਪਰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਜੋ ਇੱਕ ਚਿੰਤਾ ਦਾ ਵਿਸ਼ਾ ਹੈ।