ਮੀਂਹ ਨੇ ਫੇਰਿਆ ਪਤੰਗਬਾਜ਼ਾਂ ਦੀਆਂ ਆਸਾਂ 'ਤੇ ਪਾਣੀ
ਬਸੰਤ ਪੰਚਮੀ ਮੌਕੇ ਮੀਂਹ ਨੇ ਫੇਰਿਆ ਪਤੰਗਬਾਜ਼ਾਂ ਦੀਆਂ ਆਸਾਂ 'ਤੇ ਪਾਣੀ
Publish Date: Fri, 23 Jan 2026 07:27 PM (IST)
Updated Date: Sat, 24 Jan 2026 04:13 AM (IST)

ਮੀਂਹ ਕਾਰਨ ਪਤੰਗ ਦੇ ਸ਼ੌਕੀਨ ਬਾਅਦ ਦੁਪਹਿਰ ਤੱਕ ਮੀਂਹ ਹਟਣ ਦੀਆਂ ਅਰਦਾਸਾਂ ਕਰਦੇ ਰਹੇ ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਸ਼ੁੱਕਰਵਾਰ ਤੜਕਸਾਰ ਤੋਂ ਗੜਸ਼ੰਕਰ ਇਲਾਕੇ ਵਿੱਚ ਪੈ ਰਹੇ ਮੋਹਲੇਧਾਰ ਮੀਂਹ ਨੇ ਬਸੰਤ ਪੰਚਮੀ ਦੇ ਤਿਓਹਾਰ ਮੌਕੇ ਪਤੰਗ ਉਡਾ ਕੇ ਬਸੰਤ ਮਨਾਉਣ ਵਾਲੇ ਪਤੰਗਬਾਜੀ ਦੇ ਸ਼ੌਕੀਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਬੇਸ਼ੱਕ ਫਸਲਾਂ ਅਤੇ ਸੁੱਕੀ ਠੰਡ ਤੋਂ ਬਚਾਅ ਲਈ ਇਹ ਬਰਸਾਤ ਲਾਹੇਵੰਦ ਦੱਸੀ ਜਾ ਰਹੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਬਸੰਤ ਪੰਚਮੀ ਦੇ ਤਿਉਹਾਰ ਨੂੰ ਉਡੀਕ ਰਹੇ ਬੱਚੇ ਅਤੇ ਵੱਡੇ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਪਤੰਗ ਅਤੇ ਡੋਰਾਂ ਖਰੀਦ ਕੇ ਬਸੰਤ ਪੰਚਮੀ ਮਨਾਉਣ ਦੀ ਤਿਆਰੀ ਕਰ ਰਹੇ ਸਨ ਪਰ ਸ਼ੁਕਰਵਾਰ ਸਵੇਰ ਤੋਂ ਸ਼ੁਰੂ ਹੋਏ ਮੀਂਹ ਕਾਰਨ ਪਤੰਗ ਦੇ ਸ਼ੌਕੀਨ ਬਾਅਦ ਦੁਪਹਿਰ ਤੱਕ ਮੀਂਹ ਹਟਣ ਦੀਆਂ ਅਰਦਾਸਾਂ ਕਰਦੇ ਰਹੇ। ਬੇਸ਼ੱਕ ਮੌਸਮ ਵਿਭਾਗ ਅਤੇ ਇੰਟਰਨੈਟ ਅਨੁਸਾਰ ਪਹਿਲਾਂ ਹੀ ਸ਼ੁੱਕਰਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਇਸ ਤਰ੍ਹਾਂ ਲਗਾਤਾਰ ਮੀਂਹ ਪੈਣ ਦੀ ਆਸ ਕਿਸੇ ਨੂੰ ਵੀ ਨਹੀਂ ਸੀ। ਬਾਕਸ-- ਦੁਕਾਨਦਾਰ ਵੀ ਰਹੇ ਵਿਹਲੇ ਬੇਸ਼ੱਕ ਪਤੰਗ ਦੇ ਸ਼ੌਕੀਨ ਸਾਰਾ ਸਾਲ ਪਤੰਗ ਉਡਾਉਂਦੇ ਹੋਣ ਪਰ ਬਸੰਤ ਪੰਚਮੀ ਪਤੰਗ ਅਤੇ ਡੋਰ ਵੇਚਣ ਵਾਲੇ ਦੁਕਾਨਦਾਰਾਂ ਲਈ ਕਮਾਈ ਦਾ ਖਾਸ ਤਿਉਹਾਰ ਹੁੰਦਾ ਹੈ ਜਦੋਂ ਵੱਡੀ ਮਾਤਰਾ ਵਿੱਚ ਉਨਾਂ ਦਾ ਸਮਾਨ ਵਿਕਦਾ ਹੈ ਪਰ ਸ਼ੁਕਰਵਾਰ ਨੂੰ ਭਾਰੀ ਮੀਂਹ ਕਾਰਨ ਦੁਕਾਨਦਾਰ ਸਾਰਾ ਦਿਨ ਗ੍ਰਾਹਕਾਂ ਦੀ ਉਡੀਕ ਕਰਦੇ ਰਹੇ। ਗੜਸ਼ੰਕਰ ਸ਼ਹਿਰ ਦੇ ਸਭ ਤੋਂ ਪੁਰਾਣੇ ਪਤੰਗ ਵਿਕਰੇਤਾ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਉਨਾਂ ਨੂੰ ਪਤੰਗ ਵੇਚਦਿਆਂ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਕਦੇ ਵੀ ਅਜਿਹੀ ਬਰਸਾਤ ਨਹੀਂ ਪਈ ਜੋ ਕਿ ਇਸ ਵਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਸੰਤ ਪੰਚਮੀ ਦਾ ਤਿਉਹਾਰ 26 ਜਨਵਰੀ ਤੋਂ ਪਹਿਲਾਂ ਆ ਗਿਆ ਹੈ ਇਸ ਕਾਰਨ ਹੁਣ ਉਨ੍ਹਾਂ ਵੱਲੋਂ ਲਿਆਂਦਾ ਸਮਾਨ ਵਿਕਣ ਦੀ ਸੰਭਾਵਨਾ ਘੱਟ ਹੀ ਹੈ। ਬਾਕਸ-- ਮੀਹ ਕਾਰਨ ਦੁਬਾਰਾ ਹੋਵੇਗੀ ਠੰਢ ਆਈ ਬਸੰਤ ਪਾਲਾ ਉਡੰਤ ਦੀ ਪੁਰਾਣੀ ਕਹਾਵਤ ਦੇ ਬਿਲਕੁਲ ਉਲਟ ਸ਼ੁੱਕਰਵਾਰ ਤੜਕਸਾਰ ਤੋਂ ਲਗਾਤਾਰ ਪਏ ਮੋਹਲੇਧਾਰ ਮੀਂਹ ਕਾਰਨ ਠੰਢ ਘਟਣ ਦੀ ਬਜਾਏ ਹੋਰ ਵੱਧ ਜਾਵੇਗੀ ਤੇ ਕਈ ਦਿਨ ਤੱਕ ਇਸ ਦਾ ਅਸਰ ਦੇਖਿਆ ਜਾਵੇਗਾ। ਇਸ ਤਰ੍ਹਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਅਚਾਨਕ ਤਾਪਮਾਨ ਵਿੱਚ ਹੋ ਰਹੇ ਵਧਦੇ ਨੂੰ ਰੋਕ ਲੱਗੇਗੀ।