ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 8 ਮੁਲਜ਼ਮ ਗ੍ਰਿਫ਼ਤਾਰ
ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 8 ਮੁਲਜ਼ਮ ਗ੍ਰਿਫ਼ਤਾਰ
Publish Date: Fri, 23 Jan 2026 06:35 PM (IST)
Updated Date: Sat, 24 Jan 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਕਥਿਤ ਤੌਰ ’ਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਨਸ਼ੀਲੀਆਂ ਗੋਲੀਆਂ, ਹੈਰੋਇਨ ਨੁਮਾ ਪਦਾਰਥ ਅਤੇ ਨਸ਼ਾ ਕਰਨ ਲਈ ਵਰਤਿਆ ਜਾ ਰਿਹਾ ਸਮਾਨ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਹਰਿਆਣਾ ਥਾਣਾ ਪੁਲਿਸ ਨੇ ਕੁਨਾਲ ਸੁਮਰਾ ਵਾਸੀ ਹਰਿਆਣਾ ਨੂੰ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ, ਜਦਕਿ ਸੁਖਵਿੰਦਰ ਕਲਸੀ ਉਰਫ਼ ਸੁੱਖੀ ਵਾਸੀ ਪਿੰਡ ਮਹਿੰਦੀਪੁਰ ਨੂੰ 46 ਗਰਾਮ ਹੈਰੋਇਨ ਨੁਮਾ ਪਦਾਰਥ ਸਮੇਤ ਕਾਬੂ ਕੀਤਾ ਗਿਆ। ਉੱਥੇ ਹੀ ਬੁੱਲੋਵਾਲ ਥਾਣਾ ਪੁਲਿਸ ਵੱਲੋਂ ਰੋਹਿਤ ਸ਼ਰਮਾ ਉਰਫ਼ ਜੋਤਾ ਵਾਸੀ ਖਾਨਪੁਰ ਥਿਆੜਾ ਨੂੰ 65 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਥਾਣੇ ਦੀ ਪੁਲਿਸ ਨੇ ਅਵਤਾਰ ਸਿੰਘ ਉਰਫ਼ ਮਨੀ ਵਾਸੀ ਸਰਾਈ ਨੂੰ 110 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ, ਜਦਕਿ ਗੜ੍ਹਦੀਵਾਲ ਥਾਣਾ ਪੁਲਿਸ ਵੱਲੋਂ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਭਾਣਾ ਦਾ ਡੋਪ ਟੈਸਟ ਪਾਜ਼ਿਟਿਵ ਆਉਣ ਉਪਰੰਤ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੇਹਟੀਆਣਾ ਥਾਣਾ ਪੁਲਿਸ ਨੇ ਰਣਜੀਤ ਸਿੰਘ ਵਾਸੀ ਪਿੰਡ ਖਨੌੜਾ ਅਤੇ ਗਗਨਦੀਪ ਸਿੰਘ ਵਾਸੀ ਪਿੰਡ ਰਾਮੂ ਥਿਆੜਾ ਨੂੰ ਨਸ਼ਾ ਸੇਵਨ ਕਰਨ ਅਤੇ ਨਸ਼ੀਲਾ ਸਮਾਨ ਰੱਖਣ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ। ਉੱਥੇ ਹੀ ਸਦਰ ਥਾਣਾ ਹੁਸ਼ਿਆਰਪੁਰ ਦੀ ਪੁਲਿਸ ਨੇ ਸੀਆਈਏ ਸਟਾਫ ਦੀ ਸੂਚਨਾ ’ਤੇ ਗੀਤਾ ਦੇਵੀ ਵਾਸੀ ਪਿੰਡ ਬਸੀ ਬਾਹੀਆ ਨੂੰ 104 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਸ਼ਿਆਂ ਖ਼ਿਲਾਫ਼ ਮੁਹਿੰਮ ਅੱਗੇ ਵੀ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ।