ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਈ, 4 ਮੁਲਜ਼ਮ ਗ੍ਰਿਫ਼ਤਾਰ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਈ, ਚਾਰ ਥਾਣਿਆਂ ਦੀ ਪੁਲਿਸ ਵੱਲੋਂ ਚਾਰ ਮੁਲਜ਼ਮ ਗ੍ਰਿਫ਼ਤਾਰ
Publish Date: Thu, 22 Jan 2026 08:29 PM (IST)
Updated Date: Fri, 23 Jan 2026 04:15 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਗ੍ਰਿਫ਼ਤਾਰ ਕੀਤਾ ਹੈ। ਮਾਡਲ ਟਾਊਨ ਥਾਣਾ ਪੁਲਿਸ ਨੇ ਕੁਲਬੀਰ ਸਿੰਘ ਵਾਸੀ ਮੁਹੱਲਾ ਰੇਲਵੇ ਮੰਡੀ, ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਏਐਸਆਈ ਬਲਵੀਰ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ‘ਤੇ ਮੌਜੂਦ ਸਨ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕਥਿਤ ਤੌਰ ‘ਤੇ ਮੁਲਜ਼ਮ ਐਕਟਿਵਾ ‘ਤੇ ਸਵਾਰ ਹੋ ਕੇ ਕਾਲੇ ਰੰਗ ਦੀ ਕਿਟ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਵੇਚਣ ਲਈ ਆ ਰਿਹਾ ਹੈ। ਨਾਕਾਬੰਦੀ ਦੌਰਾਨ ਉਸ ਨੂੰ ਕਾਬੂ ਕਰਕੇ ਉਸ ਕੋਲੋਂ 17 ਬੋਤਲਾਂ ਨਜਾਇਜ਼ ਸ਼ਰਾਬ ਮਾਰਕਾ ਪੰਜਾਬ ਕਲੱਬ ਗੋਲਡ ਵਿਸਕੀ (ਫਾਰ ਸੇਲ ਇਨ ਪੰਜਾਬ) ਬਰਾਮਦ ਕੀਤੀਆਂ ਗਈਆਂ। ਥਾਣਾ ਤਲਵਾੜਾ ਪੁਲਿਸ ਨੇ ਸੁਖਵੀਰ ਸਿੰਘ ਉਰਫ਼ ਸਾਗਰ ਵਾਸੀ ਬਹਿ ਜੋਗਨ ਕਰਾੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗਸ਼ਤ ਦੌਰਾਨ ਸ਼ਾਹ ਨਹਿਰ ਪੁਲ ਨੇੜੇ ਸ਼ੱਕ ਦੇ ਆਧਾਰ ‘ਤੇ ਇਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸਦੇ ਕਬਜ਼ੇ ‘ਚੋਂ 12 ਬੋਤਲਾਂ ਸੀਲ ਸ਼ੁਦਾ ਨਜਾਇਜ਼ ਸ਼ਰਾਬ (ਕੁੱਲ 9000 ਮਿ.ਲੀ.) ਬਰਾਮਦ ਹੋਈਆਂ। ਗੜਦੀਵਾਲਾ ਥਾਣਾ ਪੁਲਿਸ ਨੇ ਪ੍ਰਵੀਨ ਕੁਮਾਰ ਵਾਸੀ ਜਮਸ਼ੇਰ ਚਠਿਆਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਮੁਖ਼ਬਰ ਦੀ ਸੂਚਨਾ ‘ਤੇ ਕੀਤੀ ਗਈ ਰੇਡ ਦੌਰਾਨ ਕਥਿਤ ਤੌਰ ‘ਤੇ ਮੁਲਜ਼ਮ ਗਾਹਕਾਂ ਨੂੰ ਨਜਾਇਜ਼ ਸ਼ਰਾਬ ਵੇਚ ਰਿਹਾ ਸੀ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ‘ਚੋਂ ਪੰਜਾਬ ਕਲੱਬ ਗੋਲਡ ਵਿਸਕੀ ਦੀਆਂ 30 ਬੋਤਲਾਂ ਬਰਾਮਦ ਹੋਈਆਂ, ਜਿਸ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਮਾਹਿਲਪੁਰ ਥਾਣਾ ਪੁਲਿਸ ਨੇ ਹਰਦੀਪ ਕੁਮਾਰ ਉਰਫ਼ ਚਾਂਦਨੀ ਵਾਸੀ ਪਾਲਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ‘ਤੇ ਮੁਲਜ਼ਮ ਦੇ ਘਰ ‘ਚ ਛਾਪੇਮਾਰੀ ਕੀਤੀ ਗਈ, ਜਿੱਥੋਂ ਕਥਿਤ ਤੌਰ ‘ਤੇ 108 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਮੁਤਾਬਕ, ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਨਜਾਇਜ਼ ਸ਼ਰਾਬ ਦੇ ਮਾਮਲੇ ਦਰਜ ਹਨ।