ਐੱਨਡੀਪੀਐੱਸ ਐਕਟ ਤਹਿਤ ਵੱਖ-ਵੱਖ ਥਾਣਿਆਂ ਵੱਲੋਂ 8 ਗ੍ਰਿਫ਼ਤਾਰ
ਜ਼ਿਲ੍ਹੇ ‘ਚ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਥਾਣਿਆਂ ਵੱਲੋਂ 8 ਮੁਲਜ਼ਮ ਗ੍ਰਿਫ਼ਤਾਰ
Publish Date: Thu, 22 Jan 2026 06:42 PM (IST)
Updated Date: Fri, 23 Jan 2026 04:13 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ 24 ਘੰਟਿਆਂ ਦੌਰਾਨ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਐਨਡੀਪੀਐਸ ਐਕਟ ਅਧੀਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਕਿਹਾ ਕਿ ਥਾਣਾ ਬੁੱਲੋਵਾਲ ਦੀ ਪੁਲਿਸ ਨੇ ਗਸ਼ਤ ਦੌਰਾਨ ਰਵੀ ਰਾਏ ਵਾਸੀ ਸ਼ਾਮ ਚੁਰਾਸੀ ਨੂੰ ਕਾਬੂ ਕਰ ਕੇ ਉਸ ਕੋਲੋਂ 79 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਦੋਸ਼ ਹੈ ਕਿ ਮੁਲਜ਼ਮ ਨੇ ਪੁਲਿਸ ਨੂੰ ਦੇਖ ਕੇ ਨਸ਼ੀਲਾ ਸਾਮਾਨ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ, ਥਾਣਾ ਮੁਕੇਰੀਆਂ ਦੀ ਪੁਲਿਸ ਨੇ ਰਾਜਨ ਕੁਮਾਰ ਉਰਫ ਰਾਜਾ ਵਾਸੀ ਡਾਲ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ। ਅਲਜ਼ਾਮ ਹੈ ਕਿ ਉਸ ਕੋਲੋਂ ਇੱਕ ਲਾਇਟਰ, ਨਸ਼ੀਲਾ ਪਦਾਰਥ ਲੱਗੀ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਥਾਣਾ ਦਸੂਹਾ ਦੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਰਣਜੀਤ ਸਿੰਘ ਵਾਸੀ ਭਾਨਾ ਅਤੇ ਗੁਰਪ੍ਰੀਤ ਸਿੰਘ ਉਰਫ ਸਾਬੀ ਵਾਸੀ ਦਸੂਹਾ ਨੂੰ ਗ੍ਰਿਫ਼ਤਾਰ ਕੀਤਾ। ਅਲਜ਼ਾਮ ਹੈ ਕਿ ਦੋਹਾਂ ਕੋਲੋਂ ਨਸ਼ੀਲਾ ਪਦਾਰਥ ਅਤੇ ਕੁੱਲ 53 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਚੱਬੇਵਾਲ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਦੌਰਾਨ ਜਤਿੰਦਰ ਸਿੰਘ ਉਰਫ ਜੋਨੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ, ਦੋਵੇਂ ਵਾਸੀ ਭੀਲੋਵਾਲ, ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ, ਦੋਹਾਂ ਕੋਲੋਂ ਕ੍ਰਮਵਾਰ 52 ਅਤੇ 55 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਪੁਲਿਸ ਨੇ ਕਿਹਾ ਕਿ ਥਾਣਾ ਹਾਜੀਪੁਰ ਦੀ ਪੁਲਿਸ ਨੇ ਰਜਨੀਸ਼ ਕੁਮਾਰ ਉਰਫ ਘੁੰਗਰ ਵਾਸੀ ਆਸਫਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 28 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਸਿਟੀ ਪੁਲਿਸ, ਹੁਸ਼ਿਆਰਪੁਰ ਵੱਲੋਂ ਸੰਨੀ ਵਾਸੀ ਸੰਤ ਭਾਗ ਸਿੰਘ ਨਗਰ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਗਿਆ। ਅਲਜ਼ਾਮ ਹੈ ਕਿ ਉਸ ਕੋਲੋਂ ਲਾਇਟਰ, ਨਸ਼ੀਲਾ ਪਦਾਰਥ ਲੱਗੀ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਿਸ ਨੇ ਕਿਹਾ ਕਿ ਸਾਰੇ ਮਾਮਲਿਆਂ ਵਿੱਚ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।