ਅਵਿਨਾਸ਼ ਰਾਏ ਖੰਨਾ ਵੱਲੋਂ ‘ਸਕ੍ਰੀਨ ਟਾਈਮ ਤੋਂ ਗ੍ਰੀਨ ਟਾਈਮ’ ਦੀ ਅਪੀਲ
ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਇ ਖੰਨਾ ਵੱਲੋਂ “ਸਕ੍ਰੀਨ ਟਾਈਮ ਤੋਂ ਗ੍ਰੀਨ ਟਾਈਮ” ਦਾ ਆਹਵਾਨ
Publish Date: Thu, 22 Jan 2026 05:38 PM (IST)
Updated Date: Fri, 23 Jan 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਵਿਕਾਸਾਰਥ ਵਿਦਿਆਰਥੀ, ਜੋ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਅਧੀਨ ਕੰਮ ਕਰਦਾ ਇੱਕ ਕਲੱਬ ਹੈ, ਵੱਲੋਂ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ‘ਸਕ੍ਰੀਨ ਟਾਈਮ ਤੋਂ ਗ੍ਰੀਨ ਟਾਈਮ ਵੱਲ: ਵਾਤਾਵਰਣਿਕ ਕਾਰਵਾਈ ਲਈ ਯੁਵਾ’ ਵਿਸ਼ੇ ’ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ ਮਹਿਮਾਨ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ਘੰਟਾ ਮੋਬਾਈਲ ਫੋਨ ਤੋਂ ਦੂਰ ਰਹਿ ਕੇ ਕੁਦਰਤ ਨਾਲ ਜੋੜ ਬਣਾਉਣ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ’ਚ ‘ਸਕ੍ਰੀਨ ਟਾਈਮ ਤੋਂ ਗ੍ਰੀਨ ਟਾਈਮ’ ਵੱਲ ਵਧਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤੇ ਨੌਜਵਾਨਾਂ ਨੂੰ ਵਾਤਾਵਰਣ ਸੁਰੱਖਿਆ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਡਾ. ਚੰਦਰ ਮੋਹਨ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਤੇ ਉਨ੍ਹਾਂ ਦੇ ਸਮਾਜਿਕ ਵਿਚਾਰਾਂ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਆਪਣੇ ਜੀਵਨ ਦੇ ਟੀਚੇ ਸਪੱਸ਼ਟ ਕਰ ਕੇ ਉਨ੍ਹਾਂ ’ਤੇ ਕੇਂਦ੍ਰਿਤ ਰਹਿੰਦੇ ਹਨ ਤਾਂ ਉਹ ਸਮਾਜ ਤੇ ਦੇਸ਼ ’ਚ ਸਾਕਾਰਾਤਮਕ ਬਦਲਾਅ ਲਿਆ ਸਕਦੇ ਹਨ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੁੜਨ, ਦਰੱਖ਼ਤ ਲਾਉਣ ਤੇ ਵਾਤਾਵਰਣ ਸੁਰੱਖਿਆ ਲਈ ਨਿਰੰਤਰ ਯਤਨ ਕਰਨ ਦੀ ਪ੍ਰੇਰਣਾ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਰਹੇ।