ਚਾਈਨਾ ਡੋਰ ਦੀ ਵਿਕਰੀ ’ਤੇ ਰੋਕ ਲਾਉਣ ਦੀ ਮੰਗ
ਚਾਈਨਾ ਡੋਰ ਦੀ ਵਿਕਰੀ ’ਤੇ ਰੋਕ ਲਗਾਉਣ ਦੀ ਮੰਗ
Publish Date: Mon, 19 Jan 2026 05:56 PM (IST)
Updated Date: Tue, 20 Jan 2026 04:10 AM (IST)

ਸ਼ਿਵ ਸੈਨਾ ਨੇ ਐੱਸਐੱਚਓ ਤਲਵਾੜਾ ਨੂੰ ਮੰਗ-ਪੱਤਰ ਸੌਂਪਿਆ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਸ਼ਿਵ ਸੈਨਾ ਬਾਲ ਠਾਕਰੇ ਏਕਨਾਥ ਸ਼ਿੰਦੇ ਗਰੁੱਪ ਦੇ ਸੂਬਾ ਸੰਗਠਨ ਮੰਤਰੀ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਪੁਲਿਸ ਥਾਣਾ ਤਲਵਾੜਾ ਦੇ ਐੱਸਐੱਚਓ ਨੂੰ ਇੱਕ ਮੰਗ-ਪੱਤਰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਤਲਵਾੜਾ ਇਲਾਕੇ ’ਚ ਚਾਈਨਾ ਡੋਰ ਦੀ ਬੇਰੋਕ ਟੋਕ ਹੋ ਰਹੀ ਵਿਕਰੀ ’ਤੇ ਗੰਭੀਰ ਚਿੰਤਾ ਜਤਾਈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਹਰ ਸਾਲ ਜਨਵਰੀ ਮਹੀਨੇ ਦੌਰਾਨ ਤਲਵਾੜਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਚਾਈਨਾ ਡੋਰ ਦੀ ਵਿਕਰੀ ਕਾਫ਼ੀ ਵੱਧ ਜਾਂਦੀ ਹੈ, ਜਿਸ ਕਾਰਨ ਸਕੂਟਰ ਤੇ ਮੋਟਰਸਾਈਕਲ ਸਵਾਰ ਰਾਹਗੀਰਾਂ ਲਈ ਜਾਨ ਤੇ ਮਾਲ ਦਾ ਭਾਰੀ ਖ਼ਤਰਾ ਬਣਿਆ ਰਹਿੰਦਾ ਹੈ। ਚਾਈਨਾ ਡੋਰ ਨਾਲ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ’ਚ ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਤੇ ਪਤੰਗਾਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ’ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 307 ਤਹਿਤ ਪਰਚਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਉਹ ਮਾਪੇ ਜੋ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਵਰਤਣ ਤੋਂ ਨਹੀਂ ਰੋਕਦੇ, ਉਨ੍ਹਾਂ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਦੀਪਕ ਮਲਹੋਤਰਾ, ਸਿਟੀ ਪ੍ਰਧਾਨ ਅਰੁਣਾ ਰਾਣੀ, ਬਲਾਕ ਪ੍ਰਧਾਨ ਮੋਨਿਕਾ ਸਮੇਤ ਵੱਡੀ ਗਿਣਤੀ ’ਚ ਸ਼ਿਵ ਸੈਨਾ ਦੇ ਵਰਕਰ ਤੇ ਆਗੂ ਮੌਜੂਦ ਰਹੇ। ਸ਼ਿਵ ਸੈਨਾ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।