ਭਾਰਤਬਾਣੀ ਪੋਰਟਲ ’ਤੇ ਬਲਜਿੰਦਰ ਮਾਨ ਦੀਆਂ ਪੁਸਤਕਾਂ : ਭੌਰਾ
ਭਾਰਤ ਸਰਕਾਰ ਦੇ ਭਾਰਤਬਾਣੀ ਪੋਰਟਲ ’ਤੇ ਬਲਜਿੰਦਰ ਮਾਨ ਦੀਆਂ ਪੁਸਤਕਾਂ -ਐਸ ਅਸ਼ੋਕ ਭੌਰਾ
Publish Date: Sun, 18 Jan 2026 08:04 PM (IST)
Updated Date: Mon, 19 Jan 2026 04:18 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਮਾਹਿਲਪੁਰ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀਆਂ 12 ਬਾਲ ਪੁਸਤਕਾਂ ਭਾਰਤ ਸਰਕਾਰ ਦੇ ਸਿੱਖਿਆ ਤੇ ਹਾਇਰ ਐਜੂਕੇਸ਼ਨ ਮੰਤਰਾਲੇ ਦੇ ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੁਏਜਸ ਮਸੂਰੂ ਕਰਨਾਟਕਾ ਵੱਲੋਂ ਭਾਰਤ ਬਾਣੀ ਪ੍ਰੋਜੈਕਟ ਤੇ ਪੀਡੀਐਫ ਰੂਪ ਵਿੱਚ ਉਪਲਬਧ ਕਰਵਾਈਆਂ ਗਈਆਂ ਹਨ। ਇਸ ਸਬੰਧੀ ਕੌਮਾਂਤਰੀ ਲੇਖਕ ਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਕਿਹਾ ਕਿ ਬਲਜਿੰਦਰ ਮਾਨ ਦੀ ਬਾਲ ਸਾਹਿਤ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਸ਼ਾਨਦਾਰ ਦੇਣ ਬਦਲੇ ਉਸ ਨੂੰ ਜਿੱਥੇ ਰਾਜ ਪੱਧਰੀ ਮਾਣ ਸਨਮਾਨ ਮਿਲੇ ਹੋਏ ਹਨ ਉੱਥੇ ਉਸਦੀ ਇਹ ਇੱਕ ਹੋਰ ਸ਼ਾਨਾਂਮੱਤੀ ਪ੍ਰਾਪਤੀ ਹੈ। ਉਸ ਦੀਆਂ ਕੁੱਲ 18 ਬਾਲ ਪੁਸਤਕਾਂ ਵਿੱਚੋਂ 12 ਪੁਸਤਕਾਂ ਸਾਲ 2025 ਵਿੱਚ ਭਾਰਤ ਸਰਕਾਰ ਦੇ ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੁਏਜਸ ਵੱਲੋਂ ਭਾਰਤ ਬਾਣੀ ਪ੍ਰੋਜੈਕਟ ਤੇ ਉਪਲਬਧ ਕਰਵਾਈਆਂ ਗਈਆਂ ਹਨ। ਬਲਜਿੰਦਰ ਮਾਨ ਨੇ ਮੈਗਜ਼ੀਨ ਨਿੱਕੀਆਂ ਕਰੂੰਬਲਾਂ ਦੀ 1995 ਤੋਂ ਨਿਰੰਤਰਤਾ ਦੇ ਨਾਲ ਨਾਲ 25 ਮੌਲਿਕ, 7 ਅਨੁਵਾਦਿਤ ਅਤੇ 35 ਪੁਸਤਕਾਂ ਦਾ ਸੰਪਾਦਨ ਕਾਰਜ ਕੀਤਾ ਹੈ। ਇਨ੍ਹਾਂ ਪਰਉਪਕਾਰੀ ਉਪਰਾਲਿਆਂ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਮਨਜੀਤ ਕੌਰ ਅਤੇ ਬੱਚੇ ਤਨਵੀਰ ਮਾਨ, ਹਰਵੀਰ ਮਾਨ, ਰਵਨੀਤ ਕੌਰ ਅਤੇ ਹਰਮਨਪ੍ਰੀਤ ਕੌਰ ਦਾ ਵੀ ਯੋਗਦਾਨ ਹੈ। ਭਾਰਤੀ ਭਾਸ਼ਾਵਾਂ ਦੇ ਵਿਕਾਸ ਲਈ ਕਾਰਜਸ਼ੀਲ ਸੰਸਥਾ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜਸ ਮਸੂਰੂ ਵਲੋਂ ਵੱਖ-ਵੱਖ ਭਾਸ਼ਾਵਾਂ ਦੀਆਂ ਉੱਤਮ ਦਰਜੇ ਦੀਆਂ ਪੁਸਤਕਾਂ ਨੂੰ ਪੀਡੀਐਫ ਰੂਪ ਵਿੱਚ ਇਸ ਪੋਰਟਲ ਤੇ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਪੋਰਟਲ ਤੇ ਬਲਜਿੰਦਰ ਮਾਨ ਦੀਆਂ ਕੁਦਰਤੀ ਗੋਦ ਵਿੱਚ, ਮਾਂ ਜਿਹਾ ਲਾਡ, ਤ੍ਰਿਪੁਰਾ ਦਰਸ਼ਨ, ਚੜੂਦੇ ਸੂਰਜ ਵਾਲੇ ਰਾਜਾਂ ਵਿੱਚ, ਸੋਹਣਾ ਪਿੰਡ ਬਣਾਈਏ, ਸਾਡਾ ਸੰਵਿਧਾਨ ਅਤੇ ਬਾਲ ਅਧਿਕਾਰ, ਤਾਇਆ ਬਲਕਾਰ ਸਿੰਘ, ਮੇਰਾ ਸੁਪਨਾ, ਵਜ਼ੀਰ ਦੀ ਲੜਕੀ, ਖੇਡਾਂ ਮਿੰਕੂ ਤੇ ਚਿੰਟੂ ਦੀਆਂ, ਚੰਦ ਤੱਕ ਉਡਾਰੀ ਅਤੇ ਰੱਜ ਰੱਜ ਮਿਲਦਾ ਪਿਆਰ ਬੇਲੀਓ ਪੁਸਤਕਾਂ ਪੜ੍ਹੀਆਂ ਜਾ ਸਕਦੀਆਂ ਹਨ। ਇਸ ਮੌਕੇ ਬਲਜਿੰਦਰ ਮਾਨ ਨੂੰ ਵਧਾਈ ਦੇਣ ਵਾਲਿਆਂ ਵਿੱਚ ਡਾ. ਰਾਜ ਕੁਮਾਰ ਐੱਮਪੀ, ਡਾ. ਇਸ਼ਾਂਕ ਕੁਮਾਰ ਐਮਐਲਏ, ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਕੁਲਵੰਤ ਸਿੰਘ ਸੰਘਾ ਪ੍ਰਧਾਨ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ, ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ, ਪ੍ਰਿੰ. ਪਰਵਿੰਦਰ ਸਿੰਘ, ਡਾ. ਜੇਬੀ ਸੇਖੋਂ, ਡਾ. ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ, ਡਾ. ਅਸ਼ੋਕ ਪੁਰੀ, ਡਾ. ਮਨਮੋਹਨ ਸਿੰਘ ਤੀਰ, ਡਾ. ਦਲਜੀਤ ਸਿੰਘ ਅਜਨੋਹਾ, ਸ਼ਵਿੰਦਰਜੀਤ ਸਿੰਘ ਬੈਂਸ ਐੱਸਪੀ, ਡਾ. ਸਾਂਵਲ ਧਾਮੀ, ਡਾ. ਸ਼ਮਸ਼ੇਰ ਮੋਹੀ, ਮਦਨ ਵੀਰਾ, ਪ੍ਰੋਫੈਸਰ ਬੀ ਐੱਸ ਬੱਲੀ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਡਾ. ਬਲਵੀਰ ਕੌਰ ਰੀਹਲ, ਰਘੁਵੀਰ ਸਿੰਘ ਕਲੋਆ, ਤਰਲੋਚਨ ਪਠਲਾਵਾ, ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ ਅਤੇ ਸੁਖਮਨ ਸਿੰਘ ਆਦਿ ਸ਼ਾਮਲ ਹਨ।