ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 600 ਤੋਂ ਵੱਧ ਕਾਸੋ ਆਪ੍ਰੇਸ਼ਨ : ਏਡੀਜੀਪੀ
ਹੁਸ਼ਿਆਰਪੁਰ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 600 ਤੋਂ ਵੱਧ ਕਾਸੋ ਆਪਰੇਸ਼ਨ : ਏਡੀਜੀਪੀ ਸ਼ਿਵੇ ਕੁਮਾਰ ਵਰਮਾ
Publish Date: Sat, 17 Jan 2026 06:30 PM (IST)
Updated Date: Sun, 18 Jan 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਪੁਲਿਸ ਦੇ ਏਡੀਜੀਪੀ (ਇੰਟਰਨਲ ਸਕਿਓਰਿਟੀ) ਸ਼ਿਵੇ ਕੁਮਾਰ ਵਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੁਣ ਤੱਕ 600 ਤੋਂ ਵੱਧ ਕਾਸੋ ਆਪਰੇਸ਼ਨ (ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ) ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੌਰਾਨ 1125 ਤੋਂ ਵੱਧ ਐਫਆਈਆਰ ਦਰਜ ਹੋਈਆਂ ਹਨ। ਸਥਾਨਕ ਬਲਬੀਰ ਕਾਲੋਨੀ ਵਿੱਚ ਚੱਲ ਰਹੇ ਕਾਸੋ ਆਪਰੇਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਹੁਸ਼ਿਆਰਪੁਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਸੰਦੀਪ ਕੁਮਾਰ ਮਲਿਕ ਦੀ ਮੌਜੂਦਗੀ ਵਿੱਚ, ਏਡੀਜੀਪੀ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ 46 ਨਸ਼ਾ ਹਾਟਸਪਾਟ ਪਛਾਣੇ ਗਏ ਸਨ। ਇਹ ਹਾਟਸਪਾਟ ਹਿਸਟੋਰੀਕਲ ਡਾਟਾ, ਦਰਜ ਐਫਆਈਆਰਾਂ ਦੀ ਗਿਣਤੀ, ਨਸ਼ੇੜੀਆਂ ਦੀ ਮੌਜੂਦਗੀ ਅਤੇ ਡਰੱਗ ਡੀ-ਐਡੀਕਸ਼ਨ ਤੇ ਰੀਹੈਬਿਲੀਟੇਸ਼ਨ ਸੈਂਟਰਾਂ ਵਿੱਚ ਭੇਜੇ ਗਏ ਮਰੀਜ਼ਾਂ ਦੇ ਆਧਾਰ ’ਤੇ ਤੈਅ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਦੇ ਕਰੀਬ 46 ਹਾਟਸਪਾਟ ਇਲਾਕਿਆਂ ਵਿੱਚ ਕਾਸੋ ਆਪਰੇਸ਼ਨ ਚੱਲ ਰਹੇ ਹਨ, ਜਿਨ੍ਹਾਂ ਵਿੱਚ ਲਗਭਗ 500 ਪੁਲਿਸ ਮੁਲਾਜ਼ਮ ਅਤੇ ਗੈਜ਼ਿਟਡ ਅਧਿਕਾਰੀ ਤਾਇਨਾਤ ਹਨ। ਏਡੀਜੀਪੀ ਵਰਮਾ ਨੇ ਖੁਦ ਬਲਬੀਰ ਕਲੋਨੀ ਵਿੱਚ ਘਰ-ਘਰ ਤਲਾਸ਼ੀ ਦੀ ਨਿਗਰਾਨੀ ਕੀਤੀ, ਜਿੱਥੇ ਪੂਰੇ ਇਲਾਕੇ ਨੂੰ ਘੇਰ ਕੇ ਆਉਣ-ਜਾਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਤਾਂ ਜੋ ਅਚਾਨਕ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਜੇਕਰ ਕਿਸੇ ਕੋਲੋਂ ਨਸ਼ੀਲੇ ਪਦਾਰਥ ਜਾਂ ਹੋਰ ਕੋਈ ਨਸ਼ੀਲੇ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਆਪਰੇਸ਼ਨ ਦੁਪਹਿਰ 2 ਵਜੇ ਤੱਕ ਚੱਲਣਾ ਸੀ ਅਤੇ ਬਰਾਮਦਗੀਆਂ ਸਬੰਧੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਏਡੀਜੀਪੀ ਨੇ ਦੱਸਿਆ ਕਿ ਕਾਸੋ ਆਪਰੇਸ਼ਨ ਹਾਟਸਪਾਟ ਇਲਾਕਿਆਂ ਵਿੱਚ ਅਚਾਨਕ ਘੇਰਾਬੰਦੀ ਕਰ ਕੇ ਕੀਤੇ ਜਾਂਦੇ ਹਨ, ਤਾਂ ਜੋ ਦੋਸ਼ੀ ਭੱਜ ਨਾ ਸਕਣ ਅਤੇ ਸਬੂਤ ਨਸ਼ਟ ਨਾ ਹੋਣ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਮਾਰਚ 2025 ਤੋਂ ਸ਼ੁਰੂ ਹੋਈ ਸੀ ਅਤੇ ਉਸ ਤੋਂ ਬਾਅਦ ਜ਼ਿਲ੍ਹੇ ਵਿੱਚ ਮਹੀਨਾ ਦਰ ਮਹੀਨਾ ਸੁਧਾਰ ਦੇ ਨਤੀਜੇ ਸਾਹਮਣੇ ਆ ਰਹੇ ਹਨ। ਹੁਣ ਤੱਕ ਕਰੀਬ 1500 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਲਗਭਗ 13 ਕਰੋੜ ਰੁਪਏ ਦੀ ਪ੍ਰੋਪਰਟੀ ਫ੍ਰੀਜ਼ ਕੀਤੀ ਗਈ ਹੈ ਅਤੇ ਨਸ਼ਾ ਤਸਕਰੀ ਨਾਲ ਜੁੜੀਆਂ ਕਰੀਬ 11 ਗੈਰਕਾਨੂੰਨੀ ਇਮਾਰਤਾਂ ਨੂੰ ਢਾਹਿਆ ਗਿਆ ਹੈ। ਏਡੀਜੀਪੀ ਵਰਮਾ ਨੇ ਦੱਸਿਆ ਕਿ ਇਸ ਦੌਰਾਨ 2700 ਤੋਂ 2800 ਨਸ਼ੇੜੀਆਂ, ਜ਼ਿਆਦਾਤਰ ਨੌਜਵਾਨਾਂ ਨੂੰ, ਡਰੱਗ ਡੀ-ਐਡੀਕਸ਼ਨ ਅਤੇ ਰੀਹੈਬਿਲੀਟੇਸ਼ਨ ਸੈਂਟਰਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਇਸਨੂੰ ਪਰਿਵਾਰਾਂ, ਪਿੰਡ ਡਿਫੈਂਸ ਕਮੇਟੀਆਂ ਅਤੇ ਵਾਰਡ ਕਮੇਟੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇੱਕ ਵੱਡਾ ਸਾਂਝਾ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਮੁਹਿੰਮ ਹੁਣ ਦੂਜੇ ਪੜਾਅ ਵਿੱਚ ਦਾਖ਼ਲ ਹੋ ਚੁੱਕੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ। ਸੇਫ ਪੰਜਾਬ ਐਂਟੀ-ਡਰੱਗ ਹੈਲਪਲਾਈਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਇਸ ਦਾ ਕਰੀਬ 50 ਫੀਸਦੀ ਰਿਸਪਾਂਸ ਰਿਹਾ ਹੈ ਅਤੇ ਮਿਲਣ ਵਾਲੀ ਹਰ ਟਿੱਪ ’ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਏਡੀਜੀਪੀ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਪਲਾਈ ਲਾਈਨ ਅਤੇ ਡਿਮਾਂਡ ਦੋਵਾਂ ਨੂੰ ਤੋੜਣਾ ਬਹੁਤ ਜ਼ਰੂਰੀ ਹੈ, ਜਿਸ ਲਈ ਪੁਲਿਸ ਨੂੰ ਸਮਾਜ ਦੇ ਪੂਰੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨਾਲ ਇਸ ਮੌਕੇ ਐਸਪੀ ਡਾ. ਮਨਪ੍ਰੀਤ ਸਿੰਘ, ਐਸਪੀ ਮੇਜਰ ਸਿੰਘ, ਡੀਐਸਪੀ ਦੇਵ ਦੱਤ ਸ਼ਰਮਾ ਅਤੇ ਡੀਐਸਪੀ ਜਗੀਰ ਸਿੰਘ ਵੀ ਮੌਜੂਦ ਸਨ।