ਦੁਕਾਨਦਾਰਾਂ ਨੇ ਭਾਰੇ ਵਾਹਨਾਂ ਦੀ ਐਂਟਰੀ ਬੰਦ ਕਰਨ ਦੀ ਕੀਤੀ ਮੰਗ
ਦੁਕਾਨਦਾਰਾਂ ਨੇ ਭਾਰੇ ਵਾਹਨਾਂ ਦੀ ਐਂਟਰੀ ਬੰਦ ਕਰਨ ਦੀ ਕੀਤੀ ਮੰਗ
Publish Date: Fri, 16 Jan 2026 06:07 PM (IST)
Updated Date: Sat, 17 Jan 2026 04:10 AM (IST)

ਪੁਲਿਸ ਪ੍ਰਸ਼ਾਸਨ ਰਾਹੀਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਭੇਜਿਆ ਮੰਗ-ਪੱਤਰ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਇੱਥੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਾਮ ਇੱਕ ਮੰਗ ਪੱਤਰ ਪੁਲਿਸ ਪ੍ਰਸ਼ਾਸਨ ਨੂੰ ਸੌਂਪਦੇ ਹੋਏ ਬੁੱਢਾਬੜ ਮੋੜ ਹਾਜੀਪੁਰ ਦੇ ਸਮੂਹ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਤੁਰੰਤ ਭਾਰੀ ਵਾਹਨਾਂ ਦੀ ਐਂਟਰੀ ਬੰਦ ਕਰਨ ਦੀ ਮੰਗ ਕੀਤੀ ਹੈ। ਮੰਗ ਪੱਤਰ ਸੌਂਪਣ ਮਗਰੋਂ ਗੱਲਬਾਤ ਕਰਦਿਆਂ ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਪਰਮਵੀਰ ਸਿੰਘ ਢਾਡੇਕਟਵਾਲ, ਸਤਵਿੰਦਰ ਸਿੰਘ ਖਿਜ਼ਰਪੁਰ, ਪੰਕਜ, ਰਜਨੀਸ਼ ਚੌਧਰੀ, ਪੰਮਾ ਹਾਜੀਪੁਰ, ਆਸ਼ੀਸ਼ ਸ਼ਰਮਾ, ਪ੍ਰਿੰਸ ਸ਼ਰਮਾ, ਜਤਿਨ ਅਜਮੇਰ, ਰੋਹਿਤ ਕੁਮਾਰ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਹਾਜੀਪੁਰ ਵਿਖੇ ਬੁੱਢਾਬੜ ਮੋੜ ਤੋਂ ਹਰਸਾ ਮਾਨਸਰ ਨੂੰ ਜਾਣ ਵਾਲੇ ਮੁੱਖ ਸੰਪਰਕ ਮਾਰਗ ਤੇ ਲਗਾਤਾਰ ਵੱਧ ਰਹੀ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰੇ ਵਾਹਨਾਂ ਕਾਰਨ ਜਿੱਥੇ ਸੜਕ ਦੀ ਹਾਲਤ ਖਸਤਾ ਹੋ ਰਹੀ ਹੈ ਉੱਥੇ ਹੀ ਦਿਨ ਭਰ ਲੱਗਣ ਵਾਲੇ ਜਾਮ ਕਾਰਨ ਇਸ ਖੇਤਰ ਵਿੱਚ ਗ੍ਰਾਹਕਾਂ ਦੀ ਗਿਣਤੀ ਘੱਟ ਰਹੀ ਹੈ ਤੇ ਕਾਰੋਬਾਰੀਆਂ ਦਾ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ। ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਹਾਦਸਿਆਂ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ ਅਤੇ ਵਾਹਨਾਂ ਦੇ ਧੂਏਂ ਅਤੇ ਟੁੱਟੀ ਸੜਕ ਦੀ ਧੂੜ-ਮਿੱਟੀ ਕਾਰਨ ਫੈਲ ਰਹੇ ਪ੍ਰਦੂਸ਼ਣ ਕਾਰਨ ਦੁਕਾਨਾਂ ਤੇ ਬੈਠਣਾ ਔਖਾ ਹੋ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇ ਜਲਦੀ ਹੀ ਇਸ ਮਾਰਗ ਤੋਂ ਭਾਰੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਨਾ ਕੀਤਾ ਗਿਆ ਤਾਂ ਮਜ਼ਬੂਰਨ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਇੱਥੋਂ ਬੰਦ ਕਰਨੇ ਪੈਣਗੇ। ਦੁਕਾਨਦਾਰਾਂ ਨੇ ਸੁਝਾਅ ਦਿੱਤਾ ਕਿ ਭਾਰੇ ਵਾਹਨਾਂ ਦਾ ਰਾਹ ਬਦਲ ਕੇ ਪਿੰਡ ਭੱਲੋਵਾਲ ਤੋਂ ਖੁੰਡਾ ਨੂੰ ਜਾਣ ਵਾਲੀ ਨਹਿਰ ਕੰਢੇ ਬਣੀ ਸੜਕ ਰਾਹੀਂ ਲੰਘਾਇਆ ਜਾਵੇ। ਜਿਸ ਨਾਲ ਬਾਜ਼ਾਰ ਵਾਲੇ ਇਲਾਕੇ ਵਿੱਚ ਟ੍ਰੈਫਿਕ ਦਾ ਬੋਝ ਘੱਟ ਹੋਵੇਗਾ ਅਤੇ ਦੁਕਾਨਦਾਰਾਂ ਸਮੇਤ ਸਥਾਨਕ ਨਿਵਾਸੀ ਸੁੱਖ ਦਾ ਸਾਹ ਲੈ ਸਕਣਗੇ। ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਦੁਕਾਨਦਾਰਾਂ ਦੀ ਸਮੱਸਿਆ ਪ੍ਰਤੀ ਜਲਦ ਕਾਰਵਾਈ ਕਰਦੇ ਹੋਏ ਭਾਰੇ ਵਾਹਨਾਂ ਲਈ ਨਵੇਂ ਰੂਟ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਰਾਹਤ ਦਿੱਤੀ ਜਾਵੇ।