ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ, ਸਰਕਾਰ ਦੀਆਂ ਨੀਤੀਆਂ ਦਾ ਡਟਵਾਂ ਵਿਰੋਧ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ, ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਡਟਵਾਂ ਵਿਰੋਧ
Publish Date: Fri, 16 Jan 2026 06:03 PM (IST)
Updated Date: Sat, 17 Jan 2026 04:10 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੇ ਸੱਦੇ ’ਤੇ ਅੱਜ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਤੇ ਧਰਨਾ ਦਿੱਤਾ ਗਿਆ, ਜੋ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ। ਧਰਨਾ ਵਿੱਚ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਇਕਜੁਟ ਹੋ ਕੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਸਥਾਨਕ ਸ਼ਹੀਦ ਧੰਨਾ ਸਿੰਘ ਪਾਰਕ ਵਿੱਚ ਇਕੱਠੇ ਹੋਏ, ਜਿੱਥੋਂ ਉਨ੍ਹਾਂ ਨੇ ਰੋਸ ਮਾਰਚ ਕੱਢਦਿਆਂ ਉਥੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੱਕ ਮਾਰਚ ਕੀਤਾ ਅਤੇ ਉਥੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਬਿਲ, ਬੀਜ ਬਿਲ, ਨਰੇਗਾ ਸਕੀਮ ਨੂੰ ਬੰਦ ਕਰਨ ਦੀ ਕੋਸ਼ਿਸ਼, ਤਿੰਨ ਮਜ਼ਦੂਰ ਵਿਰੋਧੀ ਕੋਡਾਂ ਅਤੇ ਪੱਤਰਕਾਰਾਂ ਨੂੰ ਸਵਾਲ ਪੁੱਛਣ ’ਤੇ ਜੇਲ੍ਹਾਂ ਵਿੱਚ ਸੁੱਟਣ ਦੇ ਰੁਝਾਨ ਖਿਲਾਫ਼ ਤਿੱਖਾ ਵਿਰੋਧ ਦਰਜ ਕਰਵਾਇਆ। ਧਰਨੇ ਦੌਰਾਨ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਗਿਆ। ਇਸ ਮੌਕੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੀ ਭਾਰੀ ਹਾਜ਼ਰੀ ਰਹੀ। ਧਰਨੇ ਨੂੰ ਹਰਬੰਸ ਸਿੰਘ ਸੰਘਾ (ਮੈਂਬਰ, ਐਸ ਕੇ ਐਮ, ਪੰਜਾਬ), ਭੁਪਿੰਦਰ ਸਿੰਘ (ਕਿਰਤੀ ਕਿਸਾਨ ਯੂਨੀਅਨ), ਰਵਜੀਤ ਸਿੰਘ ਰੰਧਾਵਾ (ਬੀਕੇਯੂ ਰਾਜੇਵਾਲ), ਦਰਸ਼ਨ ਸਿੰਘ ਮੱਟੂ (ਕੁੱਲ ਹਿੰਦ ਕਿਸਾਨ ਸਭਾ), ਸਤਪਾਲ ਸਿੰਘ (ਬੀਕੇਯੂ ਕਾਦੀਆਂ), ਸ਼ੇਰ ਜੰਗ ਬਰਾਦਰ (ਪੰਜਾਬ ਕਿਸਾਨ ਯੂਨੀਅਨ), ਸੁਖਦੇਵ ਸਿੰਘ ਢਿੱਲੋਂ (ਜਮਹੂਰੀ ਕਿਸਾਨ ਸਭਾ), ਰਜਿੰਦਰ ਸਿੰਘ (ਬੀਕੇਯੂ ਉਗਰਾਹਾਂ), ਓਮ ਸਿੰਘ, ਧਰਮਿੰਦਰ ਸਿੰਘ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਮੁਹਿੰਦਰ ਕੁਮਾਰ ਬਢੌਆਣ (ਸੀਟੂ), ਗੰਗਾ ਪ੍ਰਸਾਦ (ਨਿਰਮਾਣ ਵਰਕਰ ਯੂਨੀਅਨ), ਗੁਰਮੇਸ ਸਿੰਘ (ਕੁੱਲ ਹਿੰਦ ਮਜ਼ਦੂਰ ਯੂਨੀਅਨ), ਬਲਵੀਰ ਖਾਨਪੁਰੀ (ਪੈਨਸ਼ਨਰ ਯੂਨੀਅਨ) ਅਤੇ ਬਲਵੀਰ ਸਿੰਘ (ਪੱਤਰਕਾਰ ਯੂਨੀਅਨ) ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਨੀਤੀਆਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਲਈ ਅਰਥੀ ਵਿੱਚ ਕੀਲਾਂ ਠੋਕਣ ਵਰਗੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕ ਵਿਰੋਧੀ ਫੈਸਲੇ ਵਾਪਸ ਨਾ ਲਏ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਮੰਗ-ਪੱਤਰ ਸੌਂਪਿਆ ਗਿਆ।